ਨਵੀਂ ਦਿੱਲੀ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਕੱਲ੍ਹ ਯਾਨੀ ਬੁੱਧਵਾਰ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮਹਿਲਾ ਉੱਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੇਗੀ। ਇਸ 59ਵੇਂ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜਾਰੀ ਹਨ। ਇਸ ਸਮਾਗਮ ਦਾ ਥੀਮ "American United" ਯਾਨੀ ਅਮਰੀਕੀਆਂ ਦੇ ਏਕਾ ਰੱਖਿਆ ਗਿਆ ਹੈ।

ਹਾਲਾਂਕਿ ਇਸ ਵਾਰ ਦਾ ਸਹੁੰ ਚੁੱਕ ਸਮਾਗਮ ਕੋਰੋਨਾ ਵਾਇਰਸ ਮਹਾਮਾਰੀ ਤੇ ਕੈਪੀਟੋਲ ਹਿੱਲ 'ਚ ਹੋਈ ਹਿੰਸਾ ਕਾਰਨ ਆਮ ਨਾਲੋਂ ਥੋੜ੍ਹਾ ਵੱਖ ਹੋਏਗਾ। ਇਸ ਵਾਰ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਵੱਡੀ ਭੀੜ ਇਸ ਸਮਾਗਮ ਵਿੱਚ ਦਿਖਾਈ ਨਹੀਂ ਦੇਵੇਗੀ। ਸਿਰਫ 1000 ਦੇ ਕਰੀਬ ਲੋਕਾਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਡੋਨਾਲਡ ਟਰੰਪ ਇਸ ਸਮਾਗਮ ਦਾ ਹਿੱਸਾ ਨਹੀਂ ਬਣਨਗੇ ਅਤੇ ਇਸ ਤੋਂ ਪਹਿਲਾਂ ਹੀ ਟਾਊਨ ਛੱਡ ਕੇ ਚੱਲੇ ਜਾਣਗੇ। ਸਹੁੰ ਚੁੱਕ ਸਮਾਗਮ ਸੇਵੇਰ 11:30 ਵਜੇ (10:00 pm IST)ਤੇ ਸ਼ੁਰੂ ਹੋਏਗਾ।ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਤੋਮੇਅਰ ਵਲੋਂ ਸਹੁੰ ਚੁੱਕਾਈ ਜਾਏਗੀ। ਉਧਰ ਜੋਅ ਬਾਇਡੇਨ ਨੂੰ ਚੀਫ ਜਸਟਿਸ ਜੌਨ ਰੋਬਟਸ ਰਸਮੀ ਤੌਰ ਤੇ ਸਹੁੰ ਚੁੱਕਾਉਣਗੇ।