Hardeep Nijjar Case: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਇੱਕ ਵਾਰ ਫਿਰ ਭਾਰਤ ਨੂੰ ਲੈ ਕੇ ਤਿੱਖਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਆਪਣੇ ਨਾਗਰਿਕਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ, ਭਾਵੇਂ ਭਾਰਤ ਦੀ ਨਰੇਂਦਰ ਮੋਦੀ ਸਰਕਾਰ ਨੂੰ ਇਹ ਗੱਲ੍ਹ ਰਾਸ ਨਹੀਂ ਆਈ ਹੋਵੇ।


ਜਸਟਿਨ ਟਰੂਡੋ ਨੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ 'ਚ ਭਾਰਤ ਦੇ ਦਖਲ ਦੇ ਦੋਸ਼ਾਂ 'ਤੇ ਸਵਾਲ ਪੁੱਛੇ ਜਾਣ 'ਤੇ ਇਹ ਗੱਲ ਕਹੀ। ਪਿਛਲੇ ਸਾਲ ਸਤੰਬਰ ਤੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਕੈਨੇਡਾ ਨੇ ਇਸ ਮਾਮਲੇ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਇਸ ਨੂੰ ਲੈ ਕੇ ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਪ੍ਰਤੀਕਿਰਿਆ ਵੀ ਆਈ ਹੈ।



ਭਾਰਤ ਨੇ ਜਿੱਥੇ ਨਿੱਝਰ ਕਤਲ ਕੇਸ ਨਾਲ ਆਪਣੇ ਸਬੰਧਾਂ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ, ਉੱਥੇ ਹੀ ਟਰੂਡੋ ਸਰਕਾਰ ਤੋਂ ਸਬੂਤ ਵੀ ਮੰਗੇ ਸਨ। ਹੁਣ ਤੱਕ ਜਸਟਿਨ ਟਰੂਡੋ ਦੀ ਸਰਕਾਰ ਇਸ ਮਾਮਲੇ ਵਿੱਚ ਕੋਈ ਸਬੂਤ ਨਹੀਂ ਦੇ ਸਕੀ ਹੈ। ਫਿਰ ਵੀ ਜਸਟਿਨ ਟਰੂਡੋ ਭਾਰਤ 'ਤੇ ਦੋਸ਼ ਲਗਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਸਰਕਾਰ ਨੇ ਭਾਰਤ 'ਤੇ ਕੈਨੇਡਾ ਦੀਆਂ ਚੋਣਾਂ 'ਚ ਦਖਲਅੰਦਾਜ਼ੀ ਦਾ ਦੋਸ਼ ਲਗਾਇਆ ਸੀ।



ਹਾਲਾਂਕਿ ਜਾਂਚ ਦੌਰਾਨ ਅਜਿਹੇ ਦੋਸ਼ ਝੂਠੇ ਪਾਏ ਗਏ। ਜਸਟਿਨ ਟਰੂਡੋ ਨੇ ਕਿਹਾ, 'ਪਿਛਲੀ ਕੰਜ਼ਰਵੇਟਿਵ ਸਰਕਾਰ ਭਾਰਤ ਦੀ ਮੌਜੂਦਾ ਸਰਕਾਰ ਨਾਲ ਨਰਮ ਸਬੰਧਾਂ ਲਈ ਜਾਣੀ ਜਾਂਦੀ ਸੀ। ਪਰ ਸਾਡੀ ਸਰਕਾਰ ਕੈਨੇਡਾ ਦੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ। ਜੇਕਰ ਭਾਰਤ ਨੂੰ ਬੁਰਾ ਲੱਗਾ ਤਾਂ ਵੀ ਅਸੀਂ ਉਨ੍ਹਾਂ ਦੀ ਆਵਾਜ਼ ਉਠਾਵਾਂਗੇ।



ਜਸਟਿਨ ਟਰੂਡੋ ਸਿੱਧਾ ਨਾਮ ਨਹੀਂ ਲਿਆ ਪਰ ਉਨ੍ਹਾਂ ਦਾ ਸਪੱਸ਼ਟ ਇਸ਼ਾਰਾ ਸਿੱਖ ਕੌਮ ਵੱਲ ਸੀ। ਹਾਲਾਂਕਿ ਉਨ੍ਹਾਂ ਦਾ ਇਹ ਦਾਅਵਾ ਵੀ ਗਲਤ ਹੈ ਕਿਉਂਕਿ ਉਨ੍ਹਾਂ ਨੂੰ ਖਾਲਿਸਤਾਨੀਆਂ ਅਤੇ ਸਿੱਖ ਕੌਮ ਨੂੰ ਆਪਸ ਵਿੱਚ ਜੋੜਦੇ ਦੇਖਿਆ ਗਿਆ ਸੀ। ਦੱਸ ਦਈਏ ਕਿ ਜਸਟਿਨ ਟਰੂਡੋ ਦੀ ਕੈਨੇਡਾ 'ਚ ਵਿਰੋਧੀ ਧਿਰ ਦੇ ਇਕ ਹਿੱਸੇ ਵਲੋਂ ਭਾਰਤ 'ਤੇ ਬੇਲੋੜੇ ਦੋਸ਼ ਲਗਾਉਣ ਨੂੰ ਲੈ ਕੇ ਸਖਤ ਆਲੋਚਨਾ ਕੀਤੀ ਜਾ ਰਹੀ ਹੈ।


ਜਸਟਿਨ ਟਰੂਡੋ ਨੇ ਪਿਛਲੇ ਸਾਲ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਸਾਡੇ ਕੋਲ ਭਰੋਸੇਯੋਗ ਸਬੂਤ ਹਨ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤੀ ਏਜੰਟਾਂ ਵਿਚਾਲੇ ਸਬੰਧ ਹਨ। ਉਸ ਦੇ ਇਲਜ਼ਾਮ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਖਰਾਬ ਹੋ ਗਏ ਸਨ। ਇੰਨਾ ਹੀ ਨਹੀਂ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ ਸੀ।