ਸਿਓਲ: ਅਮਰੀਕਾ ਦੀ ਰਾਸ਼ਟਰਪਤੀ ਚੋਣ ਤੋਂ ਠੀਕ ਪਹਿਲਾਂ ਉੱਤਰੀ ਕੋਰੀਆ ਨੇ ਫਿਰ ਰੰਗ ਬਦਲਿਆ ਹੈ। ਉਸ ਨੇ ਦੋ ਸਾਲ ਬਾਅਦ ਅੰਤਰ-ਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦਾ ਨਵਾਂ ਰੂਪ ਵਿਸ਼ਵ ਸਾਹਮਣੇ ਰੱਖਿਆ ਹੈ। ICBM, 11-ਐਕਸਲ ਵਾਹਨ 'ਤੇ ਪਰੇਡ 'ਚ ਲਿਆਂਦੀ ਗਈ, ਦੁਨੀਆ ਦੀ ਸਭ ਤੋਂ ਵੱਡੀ ਬੈਲਿਸਟਿਕ ਮਿਜ਼ਾਈਲਾਂ ਵਿੱਚੋਂ ਇੱਕ ਹੈ, ਹਾਲਾਂਕਿ ਇਹ ਅਜੇ ਫੌਜ ਵਿੱਚ ਸ਼ਾਮਲ ਨਹੀਂ ਹੋਈ।


ਇਸ ਤੋਂ ਇਲਾਵਾ, ਹਵਾਸੋਂਗ -15 ICBM ਵੀ ਫੌਜੀ ਪਰੇਡ 'ਚ ਪ੍ਰਦਰਸ਼ਤ ਕੀਤੀ ਗਈ ਸੀ ਜੋ ਉੱਤਰੀ ਕੋਰੀਆ ਦੀ ਫੌਜ 'ਚ ਸ਼ਾਮਲ ਹੋ ਗਈ ਹੈ। ਇਹ ਪਣਡੁੱਬੀ ਨਾਲ ਹਮਲਾ ਕਰਨ ਲਈ ਵੀ ਵਰਤੀ ਜਾ ਸਕਦੀ ਹੈ। ਸਮਾਰੋਹ 'ਚ ਹਰ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਇਨਕਾਰ ਕਰਦਿਆਂ ਉੱਤਰ ਕੋਰੀਆ ਦੇ ਸਰਵਉੱਚ ਨੇਤਾ ਕਿਮ ਜੋਂਗ ਜਨਤਕ ਸਟੇਜ ‘ਤੇ ਆਏ ਤੇ ਦੇਸ਼ ਨੂੰ ਕੋਰੋਨਾਵਾਇਰਸ ਤੇ ਕੁਦਰਤੀ ਬਿਪਤਾ ਤੋਂ ਬਚਾਉਣ ਲਈ ਸੈਨਾ ਦਾ ਧੰਨਵਾਦ ਕੀਤਾ।

ਉੱਤਰੀ ਕੋਰੀਆ ਸਰਕਾਰ ਦਾ ਦਾਅਵਾ ਹੈ ਕਿ ਉਸ ਦੇ ਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ ਦਾ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।ਕਿਮ ਨੇ ਉਮੀਦ ਜਤਾਈ ਹੈ ਕਿ ਕੋਰੋਨਾਵਾਇਰਸ ਨਾਲ ਹੋਣ ਵਾਲੀ ਮਹਾਮਾਰੀ ਤੋਂ ਬਾਅਦ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੁਬਾਰਾ ਮਿਲ ਕੇ ਇਸ ਸਬੰਧ ਨੂੰ ਅੱਗੇ ਤੋਰਨਗੇ। ਕੁਝ ਮਹੀਨੇ ਪਹਿਲਾਂ, ਉੱਤਰ ਕੋਰੀਆ ਨੇ ਇਕਤਰਫਾ ਫੈਸਲਾ ਲੈਂਦਿਆਂ ਦੱਖਣੀ ਕੋਰੀਆ ਨਾਲ ਆਪਣੇ ਸਬੰਧ ਘੱਟ ਕੀਤੇ ਸੀ।