ਕੁਆਲਾਲੰਪੁਰ: ਕੌਮਾਂਤਰੀ ਸਿਆਸਤ ਵਿੱਚ ਵੱਡੀ ਹਿੱਲਜੁੱਲ ਹੋ ਰਹੀ ਹੈ। ਅਫਗਾਨਿਸਤਾਨ ਪਿੱਛੋਂ ਮਲੇਸ਼ੀਆ ’ਚ ਵਿੱਚ ਵੱਡੀ ਸਿਆਸੀ ਉਥਲ-ਪੁਥਲ ਹੋਈ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮੋਹੀਉਦੀਨ ਯਾਸੀਨ ਨੇ ਅਹੁਦਾ ਸੰਭਾਲਣ ਦੇ 18 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਸੋਮਵਾਰ ਨੂੰ ਆਪਣਾ ਅਸਤੀਫਾ ਮਲੇਸ਼ੀਆ ਦੇ ਰਾਜੇ ਨੂੰ ਸੌਂਪ ਦਿੱਤਾ। ਉਹ ਦੇਸ਼ ਦੀ ਸੱਤਾ ਵਿੱਚ ਸਭ ਤੋਂ ਘੱਟ ਸਮੇਂ ਲਈ ਸੱਤਾ ’ਚ ਰਹਿਣ ਵਾਲੇ ਨੇਤਾ ਬਣ ਗਏ ਹਨ। ਉਹ ਮਾਰਚ 2020 ਵਿੱਚ ਪ੍ਰਧਾਨ ਮੰਤਰੀ ਬਣੇ ਸਨ।



ਇਸ ਤੋਂ ਪਹਿਲਾਂ, ਉਨ੍ਹਾਂ ਮੰਨਿਆ ਸੀ ਕਿ ਉਂਨ੍ਹਾਂ ਨੂੰ ਸ਼ਾਸਨ ਕਰਨ ਲਈ ਲੋੜੀਂਦੇ ਬਹੁਮਤ ਦਾ ਸਮਰਥਨ ਨਹੀਂ ਸੀ। ਵਿਗਿਆਨ ਮੰਤਰੀ ਖੈਰੀ ਜਮਾਲੂਦੀਨ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਮੰਤਰੀ ਮੰਡਲ ਨੇ ਰਾਜਾ ਨੂੰ ਅਸਤੀਫਾ ਸੌਂਪ ਦਿੱਤਾ ਹੈ।" ਯਾਸੀਨ ਸੋਮਵਾਰ ਨੂੰ ਮਲੇਸ਼ੀਆ ਦੇ ਰਾਜੇ ਨੂੰ ਮਿਲਣ ਲਈ ਮਹਿਲ ਪਹੁੰਚੇ ਸਨ। ਉਪ ਖੇਡ ਮੰਤਰੀ ਵਾਨ ਅਹਿਮਦ ਫੈਹਸਲ ਵਾਨ ਅਹਿਮਦ ਕਮਲ ਨੇ ਫੇਸਬੁੱਕ 'ਤੇ ਇੱਕ ਪੋਸਟ ਲਿਖੀ ਜਿਸ ਵਿੱਚ ਉਸਨੇ ਮੁਹੀਉਦੀਨ ਦੀ ਅਗਵਾਈ ਤੇ ਸੇਵਾ ਲਈ ਧੰਨਵਾਦ ਕੀਤਾ।

ਕੋਰੋਨਾ ਵਾਇਰਸ ਦੇ ਵਿਚਕਾਰ ਸਿਆਸੀ ਸੰਕਟ
ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਲੜ ਰਹੇ ਦੇਸ਼ ਵਿੱਚ ਇੱਕ ਸਿਆਸੀ ਸੰਕਟ ਵੀ ਪੈਦਾ ਹੋ ਗਿਆ ਹੈ। ਚੋਟੀ ਦੇ ਅਹੁਦੇ ਲਈ ਨੇਤਾਵਾਂ ਵਿੱਚ ਦੌੜ ਸ਼ੁਰੂ ਹੋ ਗਈ ਹੈ ਅਤੇ ਉਪ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਸਮਰਥਨ ਪ੍ਰਾਪਤ ਕਰ ਰਹੇ ਹਨ।

ਮਲੇਸ਼ੀਆ ਸਭ ਤੋਂ ਵੱਧ ਲਾਗ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ
ਮੁਹੀਉਦੀਨ ਨੇ ਅਜਿਹੇ ਸਮੇਂ ਅਸਤੀਫਾ ਦੇ ਦਿੱਤਾ ਹੈ ਜਦੋਂ ਮਹਾਂਮਾਰੀ ਨੂੰ ਸਹੀ ਢੰਗ ਨਾਲ ਨਾ ਸੰਭਾਲਣ 'ਤੇ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ। ਮਲੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਲਾਗ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਇਸ ਮਹੀਨੇ ਲਾਗ ਦੇ ਰੋਜ਼ਾਨਾ ਨਵੇਂ ਕੇਸ 20,000 ਨੂੰ ਪਾਰ ਕਰ ਗਏ ਹਨ। ਉਹ ਵੀ ਉਦੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਵਾਲੀ ਸਥਿਤੀ ਸੱਤ ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਲਾਗ ਨਾਲ ਨਜਿੱਠਣ ਲਈ ਜੂਨ ਤੋਂ ਇੱਥੇ ਲੌਕਡਾਊਨ ਲੱਗਾ ਹੋਇਆ ਹੈ।

ਸਰਕਾਰ ਕੋਲ ਸੀ ਬਹੁਤ ਘੱਟ ਬਹੁਮਤ
ਰਾਸ਼ਟਰੀ ਪੁਲਿਸ ਮੁਖੀ, ਚੋਣ ਕਮਿਸ਼ਨ ਦੇ ਚੇਅਰਮੈਨ ਅਤੇ ਅਟਾਰਨੀ ਜਨਰਲ ਨੂੰ ਮਹਿਲ ਵਿੱਚ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਮੁਹੀਉਦੀਨ ਉੱਥੇ ਪੁੱਜ ਗਏ ਸਨ। ਮੁਹੀਉਦੀਨ ਦੀ ਸਰਕਾਰ ਬਹੁਤ ਘੱਟ ਬਹੁਮਤ ਨਾਲ ਚੱਲ ਰਹੀ ਸੀ ਅਤੇ ਅਖੀਰ ਵਿੱਚ ਸਭ ਤੋਂ ਵੱਡੀ ਗੱਠਜੋੜ ਪਾਰਟੀ ਦੇ 12 ਤੋਂ ਵੱਧ ਸੰਸਦ ਮੈਂਬਰਾਂ ਨੇ ਸਮਰਥਨ ਵਾਪਸ ਲੈਣ ਤੋਂ ਬਾਅਦ ਉਹ ਡਿੱਗ ਪਈ। ਯੂਨਾਈਟਿਡ ਮਲੇਏ ਨੈਸ਼ਨਲ ਆਰਗੇਨਾਈਜੇਸ਼ਨ ਦੇ ਦੋ ਮੰਤਰੀਆਂ ਨੇ ਵੀ ਅਸਤੀਫਾ ਦੇ ਦਿੱਤਾ ਹੈ।

ਅਨਵਰ ਇਬਰਾਹਿਮ ਵਿਰੋਧੀ ਗੱਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ
ਮਲੇਸ਼ੀਆ ਦੇ ਸੰਵਿਧਾਨ ਅਨੁਸਾਰ, ਬਹੁਮਤ ਸਮਰਥਨ ਗੁਆਉਣ ਵਾਲੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ ਹੈ ਅਤੇ ਮਲੇਸ਼ੀਆ ਦਾ ਰਾਜਾ ਨਵਾਂ ਨੇਤਾ ਨਿਯੁਕਤ ਕਰ ਸਕਦਾ ਹੈ। ਇਸ ਗੱਠਜੋੜ ਦੇ ਸਿਰਫ 90 ਸੰਸਦ ਮੈਂਬਰ ਹਨ, ਜਦੋਂ ਕਿ ਸਰਕਾਰ ਬਣਾਉਣ ਲਈ ਇਸ ਨੂੰ 111 ਸੰਸਦ ਮੈਂਬਰਾਂ ਦੀ ਜ਼ਰੂਰਤ ਹੈ। ਮੰਨਿਆ ਜਾ ਰਿਹਾ ਸੀ ਕਿ ਮੁਹੀਉਦੀਨ ਨੂੰ 100 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਸੀ।