ਨੋਬੋਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਅੱਜ ਪਾਕਿਸਤਾਨ ਦੀ ਸਵਾਤ ਘਾਟੀ 'ਚ ਆਪਣੇ ਘਰ ਪਹੁੰਚ ਕੇ ਰੋ ਪਈ। ਕੁੜੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਵਾਲੀ ਮਲਾਲਾ ਨੂੰ ਸਾਲ 2012 ਵਿੱਚ ਤਾਲਿਬਾਨ ਦੇ ਦਹਿਸ਼ਤਗਰਦਾਂ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਉਹ ਇਸ ਘਟਨਾ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਆਈ ਹੈ।


ਪਾਕਿਸਤਾਨ ਦੀ ਸੂਚਨਾ ਰਾਜ ਮੰਤਰੀ ਮਰੀਅਮ ਔਰੰਗਜੇਬ ਯਾਤਰਾ ਦੌਰਾਨ ਮਲਾਲਾ ਦੇ ਨਾਲ ਸੀ। ਆਪਣੇ ਜੱਦੀ ਸ਼ਹਿਰ ਵਿੱਚ ਮਲਾਲਾ ਆਪਣੇ ਬਚਪਨ ਦੇ ਦੋਸਤ ਤੇ ਅਧਿਆਪਕ ਨੂੰ ਪੰਜ ਸਾਲ ਬਾਅਦ ਮਿਲੀ। ਸੂਤਰਾਂ ਨੇ ਦੱਸਿਆ, "ਆਪਣੇ ਲੋਕਾਂ ਨਾਲ ਮਿਲ ਕੇ ਮਲਾਲਾ ਦੀਆਂ ਅੱਖਾਂ 'ਚ ਅੱਥਰੂ ਆ ਗਏ। ਉਹ ਆਪਣੇ ਜਾਣ-ਪਛਾਣ ਅਤੇ ਦੋਸਤਾਂ ਨੂੰ ਮਿਲ ਕੇ ਭਾਵੁਕ ਹੋ ਗਈ ਸੀ।"

ਉਹ ਦੱਸਦੇ ਹਨ ਕਿ ਮਲਾਲਾ ਥੋੜ੍ਹੀ ਦੇਰ ਆਪਣੇ ਘਰ ਵਿੱਚ ਰੁਕਣ ਤੋਂ ਬਾਅਦ ਹਵਾਈ ਰਸਤੇ ਤੋਂ ਸਵਾਤ ਕੈਡੇਟ ਕਾਲਜ ਗਈ ਜਿੱਥੇ ਉਸ ਨੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਹ ਸੰਗਲਾ ਜ਼ਿਲ੍ਹੇ ਵਿੱਚ ਇੱਕ ਕੁੜੀਆਂ ਦੇ ਸਕੂਲ ਦਾ ਉਦਘਾਟਨ ਕਰੇਗੀ।

ਇੱਕ ਪਾਕਿਸਤਾਨ ਟੀਵੀ ਇੰਟਰਵਿਊ ਦੌਰਾਨ ਮਲਾਲਾ ਨੇ ਕਿਹਾ, "ਮੇਰੀ ਯੋਜਨਾ ਪਾਕਿਸਤਾਨ ਵਾਪਸ ਪਰਤਣ ਦੀ ਹੈ ਕਿਉਂਕਿ ਇਹ ਮੇਰਾ ਦੇਸ਼ ਹੈ। ਜਿਵੇਂ ਕਿ ਕਿਸੇ ਹੋਰ ਪਾਕਿਸਤਾਨੀ ਨਾਗਰਿਕ ਦਾ ਹੱਕ ਪਾਕਿਸਤਾਨ 'ਤੇ ਹੈ, ਉਸੇ ਤਰ੍ਹਾਂ ਹੀ ਮੇਰਾ ਵੀ ਹੈ।" ਉਸ ਨੇ ਪਾਕਿਸਤਾਨ ਆਉਣ 'ਤੇ, ਖੁਸ਼ੀ ਪ੍ਰਗਟ ਕੀਤੀ ਤੇ ਕੁੜੀਆਂ ਨੂੰ ਸਿੱਖਿਆ ਦੇਣ ਵਾਲੇ ਮਿਸ਼ਨ ਉੱਤੇ ਜ਼ੋਰ ਦਿੱਤਾ। ਮਲਾਲਾ ਨੂੰ ਸਾਲ 2012 ਵਿੱਚ ਪਾਕਿਸਤਾਨ ਦੇ ਸਵਾਤ ਘਾਟੀ ਵਿੱਚ ਕੁੜੀਆਂ ਦੀ ਸਿੱਖਿਆ ਦੇ ਪ੍ਰਚਾਰ ਦੌਰਾਨ ਇੱਕ ਦਹਿਸ਼ਤਵਾਦ ਨੇ ਗੋਲੀਆਂ ਮਾਰ ਦਿੱਤੀਆਂ ਸਨ। ਇਸ ਘਟਨਾ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ।

ਜ਼ਖ਼ਮੀ ਮਲਾਲਾ ਨੂੰ ਹੈਲੀਕਾਪਟਰ ਦੀ ਮਦਦ ਨਾਲ ਪਾਕਿਸਤਾਨ ਦੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਪਹੁੰਚਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਕੋਮਾ ਵਿੱਚ ਚਲੀ ਗਈ ਕਰਾਰ ਦੇ ਦਿੱਤਾ, ਤਾਂਕਿ ਉਸ ਨੂੰ ਏਅਰ ਐਮਬੂਲੈਂਸ ਦੁਆਰਾ ਇਲਾਜ ਲਈ ਯੂ.ਕੇ. ਭੇਜਿਆ ਜਾ ਸਕੇ। ਬਾਅਦ ਵਿੱਚ ਤਾਲੀਬਾਨ ਨੇ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਜੇਕਰ ਮਲਾਲਾ ਜ਼ਿੰਦਾ ਬਚ ਗਈ ਤਾਂ ਉਹ ਉਸ 'ਤੇ ਫਿਰ ਤੋਂ ਹਮਲਾ ਕਰਨਗੇ।

ਮਲਾਲਾ ਨੂੰ ਕੁੜੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਲਈ ਸਾਲ 2014 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਤੋਂ ਨਿਵਾਜਿਆ ਗਿਆ ਸੀ। ਉਸ ਨੂੰ ਭਾਰਤੀ ਸਮਾਜ ਸੁਧਾਰਕ ਕੈਲਾਸ਼ ਸਤਿਥੀ ਨਾਲ ਇਹ ਪੁਰਸਕਾਰ ਦਿੱਤਾ ਗਿਆ ਸੀ। ਹੁਣ ਮਲਾਲਾ 20 ਸਾਲ ਹੋ ਗਈ ਹੈ ਜਦਕਿ ਸਿਰਫ 17 ਸਾਲ ਦੀ ਉਮਰ 'ਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ ਸੀ। ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਵੀ ਮਲਾਲਾ ਪਾਕਿਸਤਾਨ ਵਾਪਿਸ ਨਹੀਂ ਆਈ ਸੀ, ਉਹ ਬ੍ਰਿਟੇਨ ਵਿੱਚ ਰਹਿੰਦੀ ਹੈ ਅਤੇ ਉੱਥੇ ਮਲਾਲਾ ਫੰਡ ਸਥਾਪਿਤ ਕਰ ਕੇ ਪਾਕਿਸਤਾਨ, ਨਾਈਜੀਰੀਆ, ਸੀਰੀਆ ਤੇ ਕੀਨੀਆ ਦੀਆਂ ਕੁੜੀਆਂ ਦੀ ਸਿੱਖਿਆ ਲਈ ਉੱਥੇ ਦੇ ਸਥਾਨਕ ਸਮੂਹਾਂ ਦੀ ਸਹਾਇਤਾ ਕਰਦੀ ਹੈ।

ਉਹ ਹੁਣ ਆਕਸਫੋਰਡ ਯੂਨੀਵਰਿਸਟੀ ਵਿੱਚ ਪੜ੍ਹ ਰਹੀ ਹੈ। ਮਲਾਲਾ ਨੇ ਕੁੜੀਆਂ ਦੀ ਸਿੱਖਿਆ ਲਈ 11 ਸਾਲ ਦੀ ਉਮਰ 'ਚ ਹੀ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸਾਲ 2009 ਵਿੱਚ ਬੀ.ਬੀ.ਸੀ. ਉਰਦੂ ਸੇਵਾ ਲਈ ਬਲਾਗ ਲਿਖਣਾ ਸ਼ੁਰੂ ਕੀਤਾ ਸੀ। ਇਸ ਵਿੱਚ ਉਹ ਤਾਲਿਬਾਨ ਦੀ ਦਹਿਸ਼ਤ 'ਚ ਸਵਾਤ ਘਾਟੀ ਦੇ ਜੀਵਨ ਬਾਰੇ ਲਿਖਦੀ ਸੀ, ਜਿੱਥੇ ਕਿ ਔਰਤਾਂ ਦੀ ਸਿੱਖਿਆ ਉੱਤੇ ਬੈਨ ਹੈ। ਕੁੜੀਆਂ ਦੀ ਸਿੱਖਿਆ ਦੇ ਵਿਰੋਧੀ ਤਾਲਿਬਾਨ ਨੇ ਪਾਕਿਸਤਾਨ ਵਿੱਚ ਸੈਂਕੜੇ ਸਕੂਲ ਨੂੰ ਤਬਾਹ ਕਰ ਦਿੱਤਾ ਹੈ।