ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਐਫਬੀਆਈ ਵਲੋਂ ਇੱਕ ਮੁਠਭੇੜ ਵਿੱਚ ਮਾਰ ਦਿੱਤਾ ਗਿਆ ਹੈ। ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਇਹ ਐਨਕਾਊਂਟਰ ਉਸ ਸਮੇਂ ਕੀਤਾ ਹੈ ਜਦੋਂ ਰਾਸ਼ਟਰਪਤੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਲਈ ਅਮਰੀਕਾ ਦੇ ਰਾਜ ਉਟਾਹ ਜਾਣ ਵਾਲੇ ਸਨ।


ਦੱਸ ਦਈਏ ਕਿ ਸਤੰਬਰ 2022 ਵਿੱਚ, ਉਟਾਹ ਦੇ ਇੱਕ ਵਿਅਕਤੀ ਰੌਬਰਟਸਨ ਨੇ ਅਮਰੀਕੀ ਰਸ਼ਟਰਪਤੀ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਐਫਬੀਆਈ ਨੇ ਰੌਬਰਟਸਨ ਦੇ ਐਨਕਾਊਂਟਰ ਦੀ ਜਾਣਕਾਰੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਵੀ ਦਿੱਤੀ ਹੈ।


ਐਫਬੀਆਈ ਦੇ ਅਨੁਸਾਰ, ਉਨ੍ਹਾਂ ਦੇ ਅਧਿਕਾਰੀ ਨੇ ਉਟਾਹ ਦੇ ਸਾਲਟ ਲੇਕ ਸਿਟੀ ਵਿੱਚ ਰੌਬਰਟਸਨ ਦੇ ਘਰ ਜਾ ਕੇ ਸਰਚ ਵਾਰੰਟ ਅਤੇ ਗ੍ਰਿਫਤਾਰੀ ਵਾਰੰਟ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸ ਕੋਲ ਹਥਿਆਰ ਸਨ ਅਤੇ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਐਫਬੀਆਈ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਰੌਬਰਟਸਨ ਮਾਰਿਆ ਗਿਆ। ਇਹ ਮੁਕਾਬਲਾ ਬੀਤੇ ਬੁੱਧਵਾਰ ਨੂੰ ਅਮਰੀਕੀ ਸਮੇਂ ਅਨੁਸਾਰ ਸਵੇਰੇ 6.15 ਵਜੇ ਹੋਇਆ।


ਦੱਸਣਯੋਗ ਹੈ ਕਿ ਰੌਬਰਟਸਨ ਤੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਧਮਕੀਆਂ ਦੇਣ ਤੋਂ ਇਲਾਵਾ 2 ਹੋਰ ਕੇਸ ਦਰਜ ਸਨ। ਉਸ ਨੇ ਬੀਤੇ ਬੁੱਧਵਾਰ ਨੂੰ ਬਾਇਡਨ ਦੇ ਉਟਾਹ ਦੌਰੇ ਤੋਂ ਦੋ ਦਿਨ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਲਿਖੀ ਸੀ, ਜਿਸ ਵਿੱਚ ਉਸਨੇ ਕਿਹਾ ਸੀ  ਮੈਂ ਆਪਣੀ M24 ਸਨਾਈਪਰ ਰਾਈਫਲ ਤੋਂ ਧੂੜ ਸਾਫ਼ ਕੀਤੀ ਹੈ ਤੇ ਇਹ ਰਾਸ਼ਟਰਪਤੀ ਦੀ ਹੱਤਿਆ ਦਾ ਸਹੀ ਸਮਾਂ ਹੈ। ਪਹਿਲਾਂ ਜੋਅ ਬਾਈਡਨ ਫਿਰ ਕਮਲਾ... ਦਰਅਸਲ, ਰੌਬਰਟਸਨ ਟਰੰਪ ਦਾ ਕੱਟੜ ਸਮਰਥਕ ਸੀ। ਉਹ ਰਸ਼ਟਰਪਤੀ ਬਾਇਡਨ ਅਤੇ ਕਮਲਾ ਹੈਰਿਸ ਦੇ ਖਿਲਾਫ ਟਰੰਪ ਦੀ ਚੋਣ ਹਾਰਨ ਦਾ ਬਦਲਾ ਲੈਣ ਚਾਹੁੰਦਾ ਸੀ।


ਕਿਹਾ ਜਾ ਰਿਹਾ ਹੈ ਕਿ ਅਮਰੀਕਾ ਵਿਚ  ਇਕ ਵਾਰ ਫਿਰ ਤੋਂ 1970 ਦੀ ਤਰ੍ਹਾਂ ਸਿਆਸੀ ਕਤਲਾਂ ਦਾ ਦੌਰ ਵਾਪਸ ਆ ਸਕਦਾ ਹੈ। ਟਰੰਪ ਦੇ ਅਮਰੀਕਾ 'ਚ ਚੋਣ ਹਾਰਨ ਤੋਂ ਬਾਅਦ 6 ਜਨਵਰੀ 2021 ਨੂੰ ਅਮਰੀਕੀ ਸੰਸਦ 'ਤੇ ਹੋਏ ਹਮਲੇ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।


ਅਮਰੀਕਾ ਦੇ ਇਤਿਹਾਸ ਵਿੱਚ ਚਾਰ ਰਾਸ਼ਟਰਪਤੀਆਂ ਦੀ ਹੱਤਿਆ ਹੋ ਚੁੱਕੀ ਹੈ। ਸਿਆਸੀ ਕਾਰਨਾਂ ਕਰਕੇ ਮਰਨ ਵਾਲੇ ਆਖਰੀ ਅਮਰੀਕੀ ਰਾਸ਼ਟਰਪਤੀ, ਜੌਨ ਐੱਫ. ਕੈਨੇਡੀ ਸੀ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ 22 ਨਵੰਬਰ 1963 ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਨੂੰ ਲੈ ਕੇ ਕਈ ਖੁਲਾਸੇ ਹੋ ਚੁੱਕੇ ਹਨ। ਪਰ ਉਸ ਦੇ ਕਤਲ ਪਿੱਛੇ ਕੀ ਕਾਰਨ ਸੀ, ਇਹ ਅੱਜ ਤੱਕ ਸਪੱਸ਼ਟ ਨਹੀਂ ਹੋ ਸਕਿਆ ।