ਪੈਰਿਸ: ਪਹਿਲੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰਾਂਸ ਦੇ ਕੁਝ ਸਿੱਖ ਫਰਥੁਮ (ਕੈਲੇ) ਪਹੁੰਚੇ। ਇੱਥੇ ਉਨ੍ਹਾਂ ਨੇ ਜੰਗ ਵਿੱਚ ਸ਼ਹੀਦ ਹੋਏ ਸਿੱਖਾਂ ਤੇ ਹੋਰ ਧਰਮਾਂ ਦੇ ਫੌਜੀਆਂ ਦੀ ਯਾਦ ਵਿੱਚ ਕੀਤੀ ਗਈ ਪਰੇਡ 'ਚ ਵੀ ਹਿੱਸਾ ਲਿਆ।


ਪੈਰਿਸ ਤੋਂ ਮੀਡੀਆ ਪੰਜਾਬ ਨੂੰ ਜਾਣਕਾਰੀ ਭੇਜਦੇ ਹੋਏ, ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਇੰਟਰਪੇਥ ਐਸੋਸੀਏਸ਼ਨ ਤੇ ਆਸਟਰੀਆ ਦੀ ਮਹਾਰਾਣੀ ਦੇ ਸੱਦੇ 'ਤੇ ਲਗਾਤਾਰ ਜਾ ਰਹੇ ਹਨ। ਇਸ ਵਾਰ ਬੀਤੇ ਕੱਲ੍ਹ ਕੁਲਵੰਤ ਸਿੰਘ ਸਾਬਕਾ ਪ੍ਰਧਾਨ ਗੁਰਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਲਾ-ਬੁਰਜੇ, ਕਰਨੈਲ ਸਿੰਘ ਰਾਏਪੁਰ ਅਰਾਈਆਂ, ਬਲਬੀਰ ਸਿੰਘ ਹਰਿਆਣਾ, ਕੁਲਵਿਦਰ ਸਿੰਘ ਫਰਾਂਸ ਮਕਸੂਦਾਂ, ਸ਼ੰਮੀ ਪਿੰਡ ਮਿਆਣੀ ਰੰਜਨ ਮਿਥਾਈ, ਚੌਧਰੀ ਰਿਆਜ, ਮੰਗਲਮ ਕੁਮਾਰ ਕੇਰਲਾ, ਇਕਬਾਲ ਸਿੰਘ ਭੱਟੀ, ਰਮੇਸ਼ ਲਾਲ ਵੋਹਰਾ, ਨੀਨਾ ਵੋਹਰਾ, ਪ੍ਰਵੇਜ ਹਾਜੀ ਇਮਾਮ ਸਹਿਤ ਕਰੀਬਨ 20 ਕੁ ਇੰਡੀਅਨ ਪਹੁੰਚੇ ਸਨ।

ਪੰਜ ਕਿਰਪਾਨਾਂ ਸਮੇਤ ਭਾਰਤੀ ਵਫਦ ਨੇ ਫੌਜੀ ਬੈਂਡ ਦੀ ਧੁਨਾਂ ਹੇਠ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਫਦ ਵਿੱਚ ਚਾਰੇ ਪ੍ਰਮੁੱਖ ਧਰਮਾਂ ਦੀ ਪ੍ਰਤੀਨਿਧਤਾ ਕਰਦੇ ਹੋਏ, ਸਭਨਾ ਦੀ ਪਰੰਪਰਾ ਅਨੁਸਾਰ ਅਰਦਾਸ ਵੀ ਕੀਤੀ। ਇਕਬਾਲ ਸਿੰਘ ਭੱਟੀ ਦੇ ਸੰਬੋਧਨ ਮਗਰੋਂ ਹਾਜ਼ਰ ਸਿੱਖਾਂ ਨੇ ਬੋਲੇ ਸੋ ਨਿਹਾਲ ਦੇ ਪੰਜ ਜੈਕਾਰੇ ਬੁਲਾ ਕੇ ਹਾਜਰੀ ਲਗਵਾਈ।

ਵੈਸੇ ਤਾਂ, ਅਗਸਤ ਅੱਧ ਤੋਂ ਲੈ ਕੇ ਨਵੰਬਰ ਪੰਦਰਾਂ ਤੱਕ ਹਰੇਕ ਸਾਲ ਫਰਾਂਸ ਦੇ ਕਈ ਵੱਖੋ ਵੱਖ ਸ਼ਹਿਰਾਂ ਵਿੱਚ ਸਬੰਧਿਤ ਮੇਅਰਜ਼ ਦੀ ਅਗਵਾਈ ਹੇਠ ਸ਼ਹੀਦ ਫ਼ੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ, ਪਰ ਇਸ ਸਾਲ ਕਈ ਸ਼ਹਿਰਾਂ ਵਿੱਚ ਫਰਾਂਸੀਸੀ ਬਸ਼ਿੰਦੇ ਆਪੋ-ਆਪਣੇ ਤੌਰ 'ਤੇ ਸੌ ਸਾਲਾ ਸ਼ਹੀਦੀ ਦਿਵਸ ਮਨਾ ਰਹੇ ਹਨ ਤੇ ਇਹ ਦਿਹਾੜੇ 2019 ਤੱਕ ਲਗਾਤਾਰ ਮਨਾਏ ਜਾਂਦੇ ਰਹਿਣਗੇ, ਕਿਉਂਕਿ ਪਹਿਲੀ ਸੰਸਾਰ ਜੰਗ 1914 ਤੋਂ ਲੈ ਕੇ 1919 ਤੱਕ ਲਗਾਤਾਰ ਜਾਰੀ ਰਹੀ ਸੀ।

ਕੱਲ੍ਹ ਦੇ ਇਸ ਸ਼ਹੀਦੀ ਸਮਾਗਮ ਮੌਕੇ, ਮਨਿਸਟਰ ਆਫ਼ ਆਰਮੀ (ਫਰਾਂਸ) ਤਿੰਨ ਐਮ.ਪੀਜ਼., ਚਾਰ ਮੇਅਰ, ਪੰਜ ਦੇਸ਼ਾਂ ਦੇ ਸਾਬਕਾ ਫੌਜੀ ਜਰਨੈਲ, ਇੰਡੀਅਨ ਗੋਰਖਾ ਕੋਰ ਕਮਾਂਡਰ, ਯੂ.ਕੇ. ਦੇ ਸਾਬਕਾ ਫੌਜੀ ਜਰਨੈਲਾਂ ਸਾਹਿਤ ਫਰਾਂਸ ਦੀਆਂ ਤਿੰਨੋ ਫ਼ੌਜਾਂ ਦੇ ਸਾਬਕਾ ਉੱਚ ਜਰਨੈਲ ਹਾਜ਼ਰ ਸਨ।

ਇੰਗਲੈਂਡ ਦੀ ਸਰਹੱਦ ਦੇ ਨਜ਼ਦੀਕ ਅਤੇ ਫਰਾਂਸ ਵਿੱਚ ਲੱਗੀ ਹੋਈ ਐਮਰਜੈਂਸੀ ਕਾਰਨ, ਫਰਾਂਸ ਦੇ ਫਰਥੁਮ ਸ਼ਹਿਰ ਵਿੱਚ 2000 ਤੋਂ ਜ਼ਿਆਦਾ ਗਿਤਣੀ ਵਾਲੇ ਸਮਾਗਮ ਦੀ ਕਦੇ ਵੀ ਇਜਾਜਤ ਨਹੀਂ ਦਿੱਤੀ ਜਾਂਦੀ। ਇਸ ਕਰ ਕੇ ਇਸ ਸ਼ਹੀਦੀ ਸਮਾਗਮ ਵਿੱਚ ਸਥਾਨਕ ਲੋਕ ਜ਼ਿਆਦਾ ਗਿਣਤੀ ਵਿੱਚ ਨਹੀਂ ਪੁੱਜਦੇ। ਇਸ ਸਮਾਗਮ ਨੂੰ ਹਰੇ ਸਾਲ ਹੀ ਆਸਟਰੀਆ ਦੀ ਮਹਾਰਾਣੀ ਸਪੌਂਸਰ ਕਰਦੀ ਹੈ।