ਦਮਿਸ਼ਕ: ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਸੀਰੀਆ ’ਤੇ ਮਿਜ਼ਾਇਲਾਂ ਰਾਹੀਂ ਹਮਲਾ ਕੀਤਾ ਹੈ। ਸੀਰੀਆ ਦੀ ਰਾਜਧਾਨੀ ਦਮਿਸ਼ਕ ਤੇ ਉਸ ਦੇ ਨੇੜਲੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੀਰੀਆਈ ਫੌਜ ਨੇ ਅੱਗਿਓਂ ਜਵਾਬੀ ਹਮਲਾ ਵੀ ਕੀਤਾ। ਹਮਲੇ ਦੇ ਜਵਾਬ ’ਤੇ ਰੂਸ ਨੇ ਕਿਹਾ ਹੈ ਕਿ ਪੁਤਿਨ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੱਕ ਰੂਸੀ ਦੂਤ ਨੇ ਸੀਰੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਹਮਲੇ ਦੇ ਸਿੱਟਿਆਂ ਲਈ ਤਿਆਰ ਰਹਿਣ।


 

ਜਾਣਕਾਰੀ ਮੁਤਾਬਕ ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਪੱਛਮੀ ਏਸ਼ੀਆਈ ਦੇਸ਼ਾਂ ਵੱਲੋਂ ਸੀਰੀਆ ’ਚ ਕਥਿਤ ਤੌਰ ’ਤੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਨ ਦੇ ਵਿਰੋਧ ’ਚ ਇਹ ਮਿਜ਼ਾਈਲਾਂ ਦਾਗੀਆਂ ਹਨ। ਅਮਰੀਕਾ ਦੇ ਡਿਫੈਂਸ ਸਕੱਤਰ ਨੇ ਹਮਲੇ ਨਾਲ ਸਬੰਧਿਤ ਆਪਣੀ ਅਪੀਲ ’ਚ ਕਿਹਾ ਕਿ ਸਾਰੇ ਦੇਸ਼ਾਂ ਵੱਲੋਂ ਮਿਲ ਕੇ ਸੀਰੀਆਈ ਖਾਨਾਜੰਗੀ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਲਈ ਉਨ੍ਹਾਂ ਨੂੰ ਅਮਰੀਕਾ ਦਾ ਸਾਥ ਦੇਣਾ ਚਾਹੀਦਾ ਹੈ।



ਜ਼ਿਕਰਯੋਗ ਹੈ ਕਿ ਸੀਰੀਆ ਵਿੱਚ ਲੜਾਈ ਦਾ ਸਿਲਸਿਲਾ ਸਾਲ 2011 ਵਿੱਚ ਸ਼ੁਰੂ ਹੋਇਆ ਸੀ। ਇਸ ਦੌਰ ਵਿੱਚ ਪੂਰੇ ਮਿਡਲ ਈਸਟ ਵਿੱਚ ਤਾਨਾਸ਼ਾਹੀ ਦੇ ਖ਼ਿਲਾਫ਼ ਇੱਕ ਮੁਹਿੰਮ ਚੱਲ ਪਈ ਸੀ ਜੋ ਸੀਰੀਆ ਵਿੱਚ ਪੁੱਜਦੇ-ਪੁੱਜਦੇ ਗ੍ਰਹਿਯੁੱਧ ਵਿੱਚ ਤਬਦੀਲ ਹੋ ਗਿਆ। ਸੀਰੀਆ ’ਚ ਹੋਏ ਹਮਲੇ ਦੇ ਮੱਦੇਨਜ਼ਰ ਰੂਸ ਨੇ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ ਦੀ ਹੰਗਾਮੀ ਬੈਠਕ ਬੁਲਾਈ ਸੀ। ਉੱਧਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਮੁਤਾਬਕ ਸੀਰੀਆ ਵਿੱਚ ਬ੍ਰਿਟੇਨ ਵੱਲੋਂ ਕੀਤੇ ਹਮਲੇ ਸਫ਼ਲ ਰਹੇ।

ਈਰਾਨ ਦੇ ਸੁਪਰੀਮ ਲੀਡਰ ਇਆਤੁੱਲਾ ਅਲੀ ਖਮੇਨੀ ਨੇ ‘ਕ੍ਰਿਮਿਨਲ’ ਡੋਨਲਡ ਟਰੰਪ, ਇਮੈਨੁਐਲ ਮੈਕਰੋਂ ਤੇ ਥੇਰੇਸਾ ਮੇਅ ਨੂੰ ਸੀਰੀਆ ’ਤੇ ਕੀਤੇ ਹਮਲੇ ਲਈ ਲਾਹਨਤ ਪਾਈ। ਰੂਸ ਮੁਤਾਬਕ ਸੀਰੀਆ ’ਤੇ 100 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ’ਚੋਂ ਕਾਫ਼ੀ ਮਿਜ਼ਾਈਲਾਂ ਨੂੰ ਅਸਫ਼ਲ ਕਰ ਦਿੱਤਾ ਗਿਆ ਹੈ।