Nasir Dhillon: ਨਾ ਤਾਂ ਮੈਂ ISI ਦਾ ਬੰਦਾ ਤੇ ਨਾ ਹੀ RAW ਦਾ....ਸਿਰਫ਼ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ..ਨਾਸਿਰ ਢਿੱਲੋਂ ਨੇ ਕੀਤੇ ਵੱਡੇ ਖੁਲਾਸੇ
ਭਾਰਤੀ ਮੀਡੀਆ ਵੱਲੋਂ ਆਈਐਸਆਈ ਦਾ ਏਜੰਟ ਕਹੇ ਜਾਣ ਮਗਰੋਂ ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੋਪੜ (ਪੰਜਾਬ) ਦੇ ਯੂਟਿਊਬਰ ਜਸਬੀਰ ਸਿੰਘ ਬੇਕਸੂਰ ਹੈ।

Nasir Dhillon: ਭਾਰਤੀ ਮੀਡੀਆ ਵੱਲੋਂ ਆਈਐਸਆਈ ਦਾ ਏਜੰਟ ਕਹੇ ਜਾਣ ਮਗਰੋਂ ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੋਪੜ (ਪੰਜਾਬ) ਦੇ ਯੂਟਿਊਬਰ ਜਸਬੀਰ ਸਿੰਘ ਬੇਕਸੂਰ ਹੈ। ਨਾਸਿਰ ਢਿੱਲੋਂ ਨੇ ਕਿਹਾ ਕਿ ਭਾਰਤੀ ਮੀਡੀਆ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਮੈਂ ਜੋਤੀ ਮਲਹੋਤਰਾ ਤੇ ਜਾਨ ਮਾਹਲ ਨੂੰ ਪਾਕਿਸਤਾਨ ਵਿੱਚ ਫੌਜੀ ਅਧਿਕਾਰੀਆਂ ਨਾਲ ਮਿਲਾਇਆ ਸੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ, ਕਿਉਂਕਿ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ।
ਹਾਲਾਂਕਿ, ਢਿੱਲੋਂ ਨੇ ਕਿਹਾ ਕਿ ਉਸ ਦੀ ਜਸਬੀਰ ਸਿੰਘ ਨਾਲ ਵਟਸਐਪ 'ਤੇ ਗੱਲਬਾਤ ਹੋਈ ਸੀ। ਉਸ ਨੇ ਚੈਨਲ 'ਤੇ ਗੱਲਬਾਤ ਦੇ ਅੰਸ਼ ਵੀ ਪੇਸ਼ ਕੀਤੇ। ਉਸ ਨੇ ਕਿਹਾ ਕਿ ਮੈਂ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ। ਮੇਰੇ ਦੋਵੇਂ ਮੋਬਾਈਲ ਚੈੱਕ ਕਰ ਲਵੋ। ਉਸ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ ਕੁਝ ਸਮਾਂ ਪਹਿਲਾਂ ਜੋਤੀ ਮਲਹੋਤਰਾ ਦਾ ਪੋਡਕਾਸਟ ਕੀਤਾ ਸੀ। ਕੁਝ ਮੀਡੀਆ ਰਿਪੋਰਟਾਂ ਇਹ ਦੋਸ਼ ਲਾਇਆ ਗਿਆ ਹੈ ਕਿ ਨਾਸਿਰ ਢਿੱਲੋਂ ਆਈਐਸਆਈ ਏਜੰਟ ਵਜੋਂ ਕੰਮ ਕਰਦਾ ਹੈ। ਉਹ ਭਾਰਤੀ ਬਲੌਗਰਾਂ ਨੂੰ ਜਾਲ ਵਿੱਚ ਫਸਾਉਂਦਾ ਹੈ ਤੇ ਉਨ੍ਹਾਂ ਤੋਂ ਖੁਫੀਆ ਜਾਣਕਾਰੀ ਪ੍ਰਾਪਤ ਕਰਦਾ ਹੈ।
ਹਾਲਾਂਕਿ, ਜਸਬੀਰ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਹਾਲਾਂਕਿ, ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਜਸਬੀਰ ਦੇ ਵਕੀਲ ਨੇ ਕਿਹਾ ਸੀ ਕਿ ਪੁਲਿਸ ਨੇ ਅਦਾਲਤ ਵਿੱਚ ਨਾਸਿਰ ਦਾ ਜ਼ਿਕਰ ਨਹੀਂ ਕੀਤਾ। ਵਕੀਲ ਨੇ ਕਿਹਾ ਕਿ ਨਾਸਿਰ ਢਿੱਲੋਂ ਬਾਰੇ ਖਬਰਾਂ ਮੀਡੀਆ ਵਿੱਚ ਹੀ ਆਈਆਂ ਹਨ।
ਇਸ ਬਾਰੇ ਨਾਸਿਰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਫੇਸਬੁੱਕ 'ਤੇ 30 ਮਿੰਟ ਦਾ ਵੀਡੀਓ ਅਪਲੋਡ ਕੀਤਾ ਹੈ। ਇਸ ਵਿੱਚ ਉਸ ਨੇ ਆਪਣੇ ਨਾਲ ਸਬੰਧਤ ਕਈ ਸਪੱਸ਼ਟੀਕਰਨ ਦਿੱਤੇ ਹਨ।
ਨਾਸਿਰ ਨੇ ਸਪੱਸ਼ਟ ਕੀਤਾ ਕਿ ਉਹ ਅੱਜ ਤੱਕ ਜੋਤੀ ਨੂੰ ਮਿਲਿਆ ਹੀ ਨਹੀਂ ਹੈ। ਜੋਤੀ ਨੇ ਉਸ ਨੂੰ ਆਪਣਾ ਔਨਲਾਈਨ ਪੋਡਕਾਸਟ ਕਰਨ ਲਈ ਕਿਹਾ ਸੀ। ਇਸ ਲਈ ਉਸ ਨੇ ਉਸ ਦਾ ਪੋਡਕਾਸਟ ਕੀਤਾ। ਨਾਸਿਰ ਨੇ ਕਿਹਾ ਕਿ ਉਹ ਜਸਬੀਰ ਸਿੰਘ ਨੂੰ ਵੀ ਨਹੀਂ ਮਿਲਿਆ। ਜਦੋਂ ਜਸਬੀਰ ਸਿੰਘ ਪਾਕਿਸਤਾਨ ਆਇਆ ਸੀ, ਤਾਂ ਨਾਸਿਰ ਫਿਲਮ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਸੀ, ਇਸ ਲਈ ਉਹ ਮਿਲ ਨਹੀਂ ਸਕੇ। ਹਾਲਾਂਕਿ, ਉਹ ਜਸਬੀਰ ਨੂੰ ਜਾਣਦਾ ਹੈ ਤੇ ਉਹ ਵਟਸਐਪ 'ਤੇ ਗੱਲ ਕਰਦੇ ਹਨ।
ਨਾਸਿਰ ਨੇ ਦੋਸ਼ ਲਗਾਇਆ ਕਿ ਇਹ ਕਿਹਾ ਜਾ ਰਿਹਾ ਹੈ ਕਿ ਜੋਤੀ ਤੇ ਜਾਨ ਮਾਹਲ ਪਾਕਿਸਤਾਨ ਵਿੱਚ 10 ਦਿਨ ਉਸ ਦੇ ਨਾਲ ਰਹੇ ਤੇ ਉਸ ਨੇ ਉਨ੍ਹਾਂ ਨੂੰ ਪਾਕਿ ਫੌਜ ਦੇ ਅਧਿਕਾਰੀਆਂ ਨਾਲ ਮਿਲਾਇਆ। ਨਾਸਿਰ ਨੇ ਇਸ ਨੂੰ ਪੂਰੀ ਤਰ੍ਹਾਂ ਝੂਠਾ ਦੱਸਿਆ ਤੇ ਕਿਹਾ ਕਿ ਇਸ ਵਿੱਚ ਇੱਕ ਪ੍ਰਤੀਸ਼ਤ ਵੀ ਸੱਚਾਈ ਨਹੀਂ। ਉਸ ਨੇ ਕਿਹਾ ਕਿ ਜੇਕਰ ਕੋਈ ਵੀਡੀਓ, ਫੋਟੋ ਜਾਂ ਕਲਿੱਪ ਹੈ ਤਾਂ ਦਿਖਾਓ।
ਨਾਸਿਰ ਨੇ ਕਿਹਾ ਕਿ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਆਏ ਸਨ। ਮੇਰੀਆਂ ਉਨ੍ਹਾਂ ਨਾਲ ਫੋਟੋਆਂ ਹਨ। ਦੋ-ਤਿੰਨ ਵਿਧਾਇਕ ਤੇ ਮਸ਼ਹੂਰ ਹਸਤੀਆਂ ਵੀ ਪਾਕਿਸਤਾਨ ਆਈਆਂ ਸੀ। ਇੱਕ ਪੱਤਰਕਾਰ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਫਿਰ ਇਹ ਸਾਰੇ ISI ਦੇ ਬੰਦੇ ਹਨ। ਇੱਥੇ ਸਿਰਫ਼ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾ ਤਾਂ ਮੈਂ ISI ਦਾ ਬੰਦਾ ਹਾਂ ਤੇ ਨਾ ਹੀ RAW ਦਾ...ਮੈਂ ਤਾਂ ਰੱਬ ਦਾ ਬੰਦਾ ਹਾਂ।
ਨਾਸਿਰ ਨੇ ਦੱਸਿਆ ਕਿ ਉਹ ਇਸ ਸਮੇਂ UAE ਵਿੱਚ ਹੈ ਤੇ ਇੱਕ-ਦੋ ਦਿਨਾਂ ਲਈ ਬਹਿਰੀਨ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਕੋਲ ਦੋ ਮੋਬਾਈਲ ਹਨ ਤੇ ਜੇਕਰ ਕੋਈ ਜਾਂਚ ਕਰਨਾ ਚਾਹੁੰਦਾ ਹੈ, ਤਾਂ ਉਹ ਆ ਕੇ ਉਸ ਦਾ ਮੋਬਾਈਲ ਚੈੱਕ ਕਰ ਸਕਦਾ ਹੈ। ਨਾਸਿਰ ਨੇ ਕਿਹਾ ਕਿ ਜਿੱਥੋਂ ਤੱਕ ਉਹ ਜਾਣਦੇ ਹਨ, ਦਾਨਿਸ਼ ਪਾਕਿਸਤਾਨੀ ਦੂਤਾਵਾਸ ਵਿੱਚ ਰਾਜਦੂਤ ਦਾ ਨਿੱਜੀ PA ਹੈ। ਜਦੋਂ ਉਹ ਰਾਜਦੂਤ ਨਾਲ ਗੱਲ ਕਰਦੇ ਹਨ, ਤਾਂ ਉਹ ਦਾਨਿਸ਼ ਜਾਂ ਉਨ੍ਹਾਂ ਦੇ ਸਟਾਫ ਕੋਲ ਸਿਫ਼ਾਰਸ਼ ਕਰਦੇ ਹਨ। ਦੂਤਾਵਾਸ ਵਿੱਚ ਨੇਵੀ ਤੇ ਫੌਜ ਦੇ ਅਧਿਕਾਰੀ ਵੀ ਹਨ, ਪਰ ਜਿੱਥੋਂ ਤੱਕ ਉਹ ਜਾਣਦਾ ਹੈ, ਦਾਨਿਸ਼ ਰਾਜਦੂਤ ਦਾ ਪੀਏ ਹੈ।






















