ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਵਿੱਚ ਅੱਜਕੱਲ੍ਹ ਬੱਚਿਆਂ ਦੀ ਰਹੱਸਮਈ ਬਿਮਾਰੀ ਪੈਰ ਪਸਾਰ ਰਹੀ ਹੈ। ਇਸ ਸ਼ਹਿਰ ਵਿੱਚ ਇਸ ਅਣਪਛਾਤੀ ਬਿਮਾਰੀ ਦੇ 73 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਦੇਸ਼ ਦੇ ਸੱਤ ਸੂਬਿਆਂ ਵਿੱਚ ਇਸ ਬਿਮਾਰੀ ਨਾਲ 100 ਬੱਚੇ ਪੀੜਤ ਹਨ ਤੇ ਤਿੰਨ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਉਮਰ ਦੋ ਤੋਂ ਪੰਦਰਾਂ ਸਾਲ ਦਰਮਿਆਨ ਹੈ।
ਗਵਰਨਰ ਐਂਡ੍ਰਿਊ ਕਿਊਮੋ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਿਆਦਾਤਰ ਬੱਚਿਆਂ ਨੂੰ ਸਾਹ ਲੈਣ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੋਈ ਯਾਨੀ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਦਿਖਾਈ ਦਿੱਤੇ। ਬੱਚਿਆਂ ਦੇ ਮਾਪੇ, ਸਿਹਤ ਵਿਭਾਗ ਤੇ ਪ੍ਰਸ਼ਾਸਨ ਇਸ ਸਮੇਂ ਵੱਡੀ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਹਨ।
ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਬੱਚਿਆਂ ਦੀ ਮੌਤ ਕਰੋਨਾ ਨਾਲ ਤਾਂ ਨਹੀਂ ਹੋਈ ਪਰ ਸਿਹਤ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ ਕਿ ਉਕਤ ਬੱਚਿਆਂ ਦੀ ਮੌਤ ਨਵੀਂ ਰਹੱਸਮਈ ਬਿਮਾਰੀ ਕਾਰਨ ਤਾਂ ਨਹੀਂ ਹੋਈ। ਇਸ ਬਿਮਾਰੀ ਦਾ ਕਾਰਨ ਜਾਣਨ ਲਈ ਨਿਊਯਾਰਕ ਜੀਨੋਮ ਸੈਂਟਰ ਤੇ ਰੌਕਫੇਲਰ ਯੂਨੀਵਰਸਿਟੀ ਮਿਲ ਕੇ ਖੋਜ ਕਰ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਦੀ ਵਿਗਿਆਨੀ ਡਾ. ਮਰੀਆ ਵੈਨ ਕੇਰਖ਼ੋਵੇ ਨੇ ਦੱਸਿਆ ਕਿ ਨਾ ਸਿਰਫ ਅਮਰੀਕਾ ਬਲਕਿ ਯੂਰਪੀ ਦੇਸ਼ ਜਿਵੇਂ ਕਿ ਬ੍ਰਿਟੇਨ, ਫਰਾਂਸ, ਸਵਿਟਜ਼ਰਲੈਂਡ ਤੇ ਇਟਲੀ ਵਿੱਚ ਵੀ ਇਸ ਰਹੱਸਮਈ ਬਿਮਾਰੀ ਦੇ 50 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਅਮਰੀਕਾ ਤੇ ਯੂਰਪੀ ਦੇਸ਼ਾਂ ਵਿੱਚ ਫੈਲ ਰਹੀ ਅਨਜਾਣ ਬਿਮਾਰੀ ਦੇ ਲੱਛਣ ਕਾਵਾਸਾਕੀ ਨਾਂ ਦੇ ਰੋਗ ਨਾਲ ਮੇਲ ਖਾਂਦੇ ਹਨ ਜਿਸ ਵਿੱਚ ਹੱਥ-ਪੈਰ ਸੁੱਜਣੇ, ਸਰੀਰ ‘ਤੇ ਦਾਗ ਜਾਂ ਚਟਾਕ ਪੈਣੇ ਆਦਿ। ਇਸ ਤੋਂ ਇਲਾਵਾ ਲੰਮੇਂ ਸਮੇਂ ਤਕ ਬੁਖ਼ਾਰ, ਢਿੱਡ, ਛਾਤੀ ਵਿੱਚ ਦਰਦ, ਚਮੜੀ ਦਾ ਰੰਗ ਬਦਲਣਾ ਤੇ ਖ਼ੂਨ ਦਾ ਦਬਾਅ ਘੱਟ ਹੋਣ ਦੇ ਲੱਛਣ ਵੀ ਪੀੜਤਾਂ ਵਿੱਚ ਪਾਏ ਗਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ