ਸਿਓਲ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਮੁੜ ਧਮਕੀ ਦਿੱਤੀ ਹੈ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਅਮਰੀਕਾ ਦੱਖਣੀ ਕੋਰੀਆ ਨਾਲ ਮਿਲ ਕੇ ਕੋਰੀਅਨ ਸਮੁੰਦਰੀ ਟਾਪੂ 'ਚ ਸਾਂਝੀਆਂ ਮਸ਼ਕਾ ਕਰ ਰਿਹਾ ਹੈ। ਇਸ ਲਈ ਉਸ ਖ਼ਿਲਾਫ ਵੱਡਾ ਪ੍ਰਮਾਣੂ ਹਮਲਾ ਕੀਤਾ ਜਾ ਸਕਦਾ ਹੈ।

ਕੋਰੀਆ ਦੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਅਮਰੀਕਾ ਸਾਡੇ ਨੱਕ ਹੇਠ ਇਹ ਸਭ ਕੁਝ ਕਰ ਰਿਹਾ ਹੈ ਤੇ ਅਸੀਂ ਉਸ ਖ਼ਿਲਾਫ਼ ਅਜਿਹੇ ਸਮੇਂ ਹਮਲਾ ਕਰਾਂਗੇ ਜਿਸ ਬਾਰੇ ਉਸ ਨੇ ਸੋਚਿਆ ਵੀ ਨਹੀਂ ਹੋਣਾ।" ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਜੰਗ ਦਾ ਮਾਹੌਲ ਬਣਾ ਹੈ। ਇਸ ਲਈ ਖ਼ੁਦ ਅਮਰੀਕਾ ਜ਼ਿੰਮੇਵਾਰ ਹੋਵੇਗਾ। ਦਰਅਸਲ ਅਮਰੀਕਾ ਦੱਖਣੀ ਕੋਰੀਆ ਨਾਲ ਮਿਲਕੇ ਸਾਂਝੀਆਂ ਸਮੁੰਦਰੀ ਮਸ਼ਕਾਂ ਕਰ ਰਿਹਾ ਹੈ। ਇਹ 5 ਦਿਨਾਂ ਸਾਂਝਾ ਫੌਜੀ ਪ੍ਰੋਗਰਾਮ ਹੈ। ਇਸ 'ਚ ਵੱਡੇ ਪੱਧਰ 'ਤੇ ਸਮੁੰਦਰੀ ਬੇੜਿਆਂ ਤੇ ਹੈਲੀਕਪਟਰਾਂ ਦੀ ਵਰਤੋਂ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਯੂ.ਐਸ. ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਐਤਵਾਰ ਨੂੰ ਕਿਹਾ ਸੀ ਕਿ ਉੱਤਰੀ ਕੋਰੀਆ 'ਤੇ ਪਹਿਲਾ ਬੰਬ ਡਿੱਗਣ ਤੱਕ ਮਾਮਲੇ ਨੂੰ ਹੱਲ ਕਰਨ ਲਈ ਡਿਪਲੋਮੈਟਿਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਟਿਲਰਸਨ ਨੇ ਇਹ ਵੀ ਕਿਹਾ ਕਿ ਸੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਣਾਅ ਨੂੰ ਖਤਮ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਦੱਸ ਦੇਈਏ ਕਿ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਤੇ ਮਿਸਾਇਲ ਪ੍ਰੋਗਰਾਮ ਨੂੰ ਲੈ ਕੇ ਉਸ ਦੇ ਤੇ ਯੂਐਸ ਵਿੱਚ ਹਾਲ ਹੀ ਦੇ ਹਫਤਿਆਂ ਵਿੱਚ ਤਣਾਅ ਕਾਫੀ ਵਧ ਗਿਆ ਹੈ।