ਅੱਜ ਗੁਆਂਢੀ ਦੇਸ਼ ਪਾਕਿਸਤਾਨ ਦਾ ਸੁਤੰਤਰਤਾ ਦਿਵਸ ਹੈ। ਇਸ ਮੌਕੇ ਪਾਕਿਸਤਾਨ ਦੇ ਚੀਫ਼ ਆਫ਼ ਸਟਾਫ਼ ਜਨਰਲ ਆਸਿਮ ਮੁਨੀਰ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਪਤਾ ਹੈ ਕਿ ਉਸਨੇ ਆਪਣੀ ਆਜ਼ਾਦੀ ਕਿਵੇਂ ਬਚਾਉਣੀ ਹੈ। ਇਹ ਗੱਲ ਉਨ੍ਹਾਂ ਨੇ ਬੀਤੇ ਐਤਵਾਰ ਦੇਰ ਸ਼ਾਮ ਪਾਕਿਸਤਾਨ ਦੀ ਮਿਲਟਰੀ ਅਕੈਡਮੀ ਕਾਕੁਲ ਵਿੱਚ ਆਜ਼ਾਦੀ ਪਰੇਡ ਨੂੰ ਸੰਬੋਧਨ ਕਰਦਿਆਂ ਕਹੀ।
ਇਸਤੋਂ ਇਲਾਵਾ ਜਨਰਲ ਆਸਿਮ ਮੁਨੀਰ ਨੇ ਕਿਹਾ ਕਿ ਧਰਤੀ 'ਤੇ ਅਜਿਹੀ ਕੋਈ ਤਾਕਤ ਨਹੀਂ ਜੋ ਪਾਕਿਸਤਾਨ ਨੂੰ ਤਬਾਹ ਕਰ ਸਕੇ। ਆਰਥਿਕ ਸੰਕਟ, ਅੱਤਵਾਦ ਅਤੇ ਸਿਆਸੀ ਅਸਥਿਰਤਾ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਆਜ਼ਾਦੀ 'ਤੇ ਭਾਸ਼ਣ ਦਿੰਦੇ ਹੋਏ ਮੁਨੀਰ ਨੇ ਕਸ਼ਮੀਰ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਨੂੰ 76 ਸਾਲ ਪਹਿਲਾਂ ਆਜ਼ਾਦੀ ਮਿਲੀ ਸੀ, ਉਸੇ ਤਰ੍ਹਾਂ ਕਸ਼ਮੀਰ ਦੇ ਲੋਕਾਂ ਨੂੰ ਵੀ ਕਾਬਜ਼ ਫ਼ੌਜਾਂ ਤੋਂ ਆਜ਼ਾਦੀ ਮਿਲੇਗੀ।
ਪਾਕਿਸਤਾਨ 'ਚ ਇਕ ਤੋਂ ਬਾਅਦ ਇਕ ਹੋ ਰਹੇ ਅੱਤਵਾਦੀ ਹਮਲਿਆਂ 'ਤੇ ਫੌਜ ਮੁਖੀ ਮੁਨੀਰ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਚੰਗੇ ਗੁਆਂਢੀ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੱਕ ਚੰਗਾ ਮੇਜ਼ਬਾਨ ਰਿਹਾ ਹੈ ਅਤੇ ਸਾਡੀ ਅਪੀਲ ਹੈ ਕਿ ਅਫ਼ਗਾਨ ਵੀ ਆਪਣੀ ਜ਼ਮੀਨ ਨੂੰ ਸਾਡੇ ਖ਼ਿਲਾਫ਼ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।ਦਰਅਸਲ, ਹਾਲ ਹੀ ਵਿੱਚ ਜਾਰੀ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਫਗਾਨਿਸਤਾਨ ਵਿੱਚ ਟੀਟੀਪੀ ਯਾਨੀ ਤਹਿਰੀਕ-ਏ-ਤਾਲਿਬਾਨ ਦੇ ਲੜਾਕੇ ਅਲਕਾਇਦਾ ਤੋਂ ਸਿਖਲਾਈ ਲੈ ਰਹੇ ਹਨ। ਇਸ ਤੋਂ ਬਾਅਦ ਉਹ ਪਾਕਿਸਤਾਨ ਵਿੱਚ ਹਮਲੇ ਕਰ ਰਹੇ ਹਨ। ਇਸ ਦੇ ਨਾਲ ਹੀ ਮੁਨੀਰ ਨੇ ਚੀਨ ਨੂੰ ਪਾਕਿਸਤਾਨ ਦਾ ਸੱਚਾ ਦੋਸਤ ਦੱਸਿਆ ਹੈ। ਉਨ੍ਹਾਂ ਸਾਊਦੀ, ਯੂਏਈ, ਤੁਰਕੀ, ਕਤਰ ਅਤੇ ਈਰਾਨ ਨਾਲ ਚੰਗੇ ਸਬੰਧ ਬਣਾਏ ਰੱਖਣ ਦੀ ਵੀ ਬੇਨਤੀ ਕੀਤੀ
ਦੱਸ ਦਈਏ ਕਿ ਇੱਕ ਪਾਸੇ ਜਿੱਥੇ ਪਾਕਿਸਤਾਨ ਕਸ਼ਮੀਰ ਨੂੰ ਆਜ਼ਾਦੀ ਦਿਵਾਉਣ ਵਿੱਚ ਮਦਦ ਕਰਨ ਦੇ ਦਾਅਵੇ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਿਆਸੀ ਕਾਰਕੁਨ ਅੱਜ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕਰਨਗੇ ਅਤੇ ਕਾਲਾ ਦਿਵਸ ਵੀ ਮਨਾਉਣਗੇ। ਉੱਥੇ ਲੋਕਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਹਨ। 11 ਅਗਸਤ ਨੂੰ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਬਾਦ ਵਿੱਚ ਪਾਕਿਸਤਾਨ ਵਿਰੁੱਧ ਸੋਸ਼ਲ ਮੀਡੀਆ ਪੋਸਟਾਂ ਲਿਖਣ ਲਈ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬਲੋਚਿਸਤਾਨ ਦੇ ਲੋਕਾਂ ਨੇ ਵੀ 14 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।