Pakistan Army: ਪਾਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਅਗਲੇ ਫੌਜ ਮੁਖੀ ਲਈ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਪੰਜ ਨਾਵਾਂ ਦੀ ਸੂਚੀ ਭੇਜੀ ਹੈ। ਮੌਜੂਦਾ ਥਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਪਾਕਿਸਤਾਨ ਆਰਮੀ ਐਕਟ (ਪੀਏਏ) 1952 ਦੇ ਤਹਿਤ, ਰੱਖਿਆ ਮੰਤਰਾਲਾ ਮੌਜੂਦਾ ਸੈਨਾ ਮੁਖੀ ਨੂੰ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਲਈ ਰਾਹ ਪੱਧਰਾ ਕਰਨ ਲਈ ਇੱਕ ਡਿਸਚਾਰਜ ਸਮਰੀ ਜਾਰੀ ਕਰੇਗਾ।


ਜਨਰਲ ਬਾਜਵਾ (61) ਤਿੰਨ ਸਾਲ ਦੇ ਸੇਵਾ ਵਾਧੇ ਤੋਂ ਬਾਅਦ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ ਇਕ ਹੋਰ ਸਰਵਿਸ ਐਕਸਟੈਂਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੂੰ ਸੋਮਵਾਰ ਨੂੰ ਨਵੇਂ ਫੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਰੱਖਿਆ ਮੰਤਰਾਲੇ ਦੀ ਰਿਪੋਰਟ ਮਿਲੀ ਹੈ।


ਪਾਕਿਸਤਾਨ ਲਈ ਕਿਉਂ ਜ਼ਰੂਰੀ ਹੈ ਫੌਜ ਮੁਖੀ?


ਖਬਰਾਂ ਮੁਤਾਬਕ ਰਿਪੋਰਟ 'ਚ ਪੰਜ ਚੋਟੀ ਦੇ ਜਨਰਲਾਂ ਦੇ ਨਾਂ ਹਨ। ਅਖਬਾਰ ਨੇ ਕਿਹਾ ਕਿ ਪੀਐਮਓ ਨੇ ਰੱਖਿਆ ਮੰਤਰਾਲੇ ਤੋਂ ਰਿਪੋਰਟ ਪ੍ਰਾਪਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਨਵੇਂ ਥਲ ਸੈਨਾ ਮੁਖੀ 29 ਨਵੰਬਰ ਨੂੰ ਅਹੁਦਾ ਸੰਭਾਲਣਗੇ ਅਤੇ ਬਾਜਵਾ ਛੇ ਸਾਲ ਦੇ ਕਾਰਜਕਾਲ ਤੋਂ ਬਾਅਦ ਉਸੇ ਦਿਨ ਸੇਵਾਮੁਕਤ ਹੋ ਜਾਣਗੇ। ਬਾਜਵਾ ਦੇ ਉਤਰਾਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲੰਬੀ ਰੈਲੀ ਦਾ ਸਬੰਧ ਫੌਜ 'ਚ ਲੀਡਰਸ਼ਿਪ ਦੇ ਬਦਲਾਅ ਨਾਲ ਹੈ। ਖਾਨ ਨੇ ਆਪਣੇ ਸਮਰਥਕਾਂ ਨੂੰ 26 ਨਵੰਬਰ ਨੂੰ ਰਾਵਲਪਿੰਡੀ ਵਿੱਚ ਇਕੱਠੇ ਹੋਣ ਲਈ ਕਿਹਾ ਹੈ। ਇਹ ਬਾਜਵਾ ਦੀ ਸੇਵਾਮੁਕਤੀ ਤੋਂ ਤਿੰਨ ਦਿਨ ਪਹਿਲਾਂ ਦੀ ਤਰੀਕ ਹੈ।


ਦਾਅਵੇਦਾਰ ਕੌਣ ਹਨ?


ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਐਤਵਾਰ ਨੂੰ ਮਹੱਤਵਪੂਰਨ ਨਿਯੁਕਤੀ ਨੂੰ ਲੈ ਕੇ ਫੌਜ ਅਤੇ ਸਰਕਾਰ ਵਿਚਕਾਰ ਅੜਿੱਕਾ ਹੋਣ ਦੀਆਂ ਕਿਸੇ ਵੀ ਅਟਕਲਾਂ ਨੂੰ ਖਾਰਜ ਕਰ ਦਿੱਤਾ। ਸੀਨੀਆਰਤਾ ਸੂਚੀ ਮੁਤਾਬਕ ਲੈਫਟੀਨੈਂਟ ਜਨਰਲ ਆਸਿਮ ਮੁਨੀਰ, ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ, ਲੈਫਟੀਨੈਂਟ ਜਨਰਲ ਅਜ਼ਹਰ ਅੱਬਾਸ, ਲੈਫਟੀਨੈਂਟ ਜਨਰਲ ਨੋਮਾਨ ਮਹਿਮੂਦ ਅਤੇ ਲੈਫਟੀਨੈਂਟ ਜਨਰਲ ਫੈਜ਼ ਹਮੀਦ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਅਤੇ ਚੀਫ ਆਫ ਆਰਮੀ ਸਟਾਫ ਦੇ ਅਹੁਦੇ ਲਈ ਦਾਅਵੇਦਾਰ ਹਨ।


ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਪਿਛਲੇ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਜਨਰਲ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਉਦੋਂ ਤੋਂ ਹੀ ਨਵੇਂ ਫੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਪੀਐਮਓ ਦੇ ਇੱਕ ਸੂਤਰ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਰੱਖਿਆ ਮੰਤਰਾਲਾ 27 ਨਵੰਬਰ ਤੋਂ ਪਹਿਲਾਂ ਨਵੇਂ ਸੈਨਾ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ।


ਸਿਆਸੀ ਕੋਣ ਕੀ ਹੈ?


ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਹਾਲ ਹੀ ਵਿੱਚ ਲੰਡਨ ਦੇ ਇੱਕ ਨਿੱਜੀ ਦੌਰੇ 'ਤੇ ਗਏ ਸਨ ਜਿੱਥੇ ਉਨ੍ਹਾਂ ਦੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਸ ਸਮੇਂ ਰਹਿ ਰਹੇ ਹਨ। ਉਨ੍ਹਾਂ ਨੇ ਇਸ ਮੁੱਦੇ 'ਤੇ ਨਵਾਜ਼ ਸ਼ਰੀਫ ਨਾਲ ਸਲਾਹ ਕੀਤੀ ਹੈ ਅਤੇ ਵਾਪਸੀ 'ਤੇ ਸਾਰੇ ਗਠਜੋੜ ਭਾਈਵਾਲਾਂ ਨਾਲ ਗੱਲਬਾਤ ਕੀਤੀ ਹੈ।


ਨਿਯੁਕਤੀ ਪ੍ਰਕਿਰਿਆ ਵਿੱਚ ਰਾਸ਼ਟਰਪਤੀ ਆਰਿਫ ਅਲਵੀ ਦੀ ਭੂਮਿਕਾ ਮਹੱਤਵਪੂਰਨ ਬਣ ਗਈ ਹੈ, ਕਿਉਂਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ 25 ਦਿਨਾਂ ਲਈ ਨੋਟੀਫਿਕੇਸ਼ਨ ਨੂੰ ਰੋਕ ਸਕਦੇ ਹਨ। ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਅਲਵੀ ਨੂੰ ਫੌਜ ਮੁਖੀ ਦੀ ਨਿਯੁਕਤੀ 'ਚ ਕੋਈ ਗੜਬੜ ਨਾ ਕਰਨ ਦੀ ਸਲਾਹ ਦਿੱਤੀ।