Pakistan Economic Crisis: ਸਾਨੂੰ ਗੁਆਂਢੀ ਦੇਸ਼ ਤੋਂ ਆਉਣ ਵਾਲੀਆਂ ਵੀਡੀਓਜ਼ ਅਤੇ ਤਸਵੀਰਾਂ ਰਾਹੀਂ ਪਾਕਿਸਤਾਨ ਦੀ ਆਰਥਿਕ ਹਾਲਤ ਦਾ ਸਬੂਤ ਮਿਲਦਾ ਹੈ। ਕੁਝ ਵੀਡੀਓਜ਼ 'ਚ ਲੋਕਾਂ ਨੂੰ ਰੋਟੀਆਂ ਲਈ ਲੜਦੇ ਵੀ ਦੇਖਿਆ ਗਿਆ ਹੈ। ਹਾਲਾਂਕਿ ਹੁਣ ਵਿਸ਼ਵ ਬੈਂਕ ਨੇ ਵੀ ਪਾਕਿਸਤਾਨ ਦੀ ਵਿਗੜਦੀ ਹਾਲਤ 'ਤੇ ਆਪਣਾ ਬਿਆਨ ਦਿੱਤਾ ਹੈ। ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਗ਼ਰੀਬੀ ਦੇ ਸਿਖਰ 'ਤੇ ਹੈ। ਗੁਆਂਢੀ ਦੇਸ਼ ਦੀ 40 ਫੀਸਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਹੈ।


ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਹ ਚਿਤਾਵਨੀ ਅਜਿਹੇ ਸਮੇਂ 'ਚ ਜਾਰੀ ਕੀਤੀ ਗਈ ਹੈ ਜਦੋਂ ਦੇਸ਼ 'ਚ ਕੁਝ ਮਹੀਨਿਆਂ 'ਚ ਆਮ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਵਿਸ਼ਵ ਬੈਂਕ ਨੇ ਜਿਸ ਨੀਤੀ ਤਹਿਤ ਚੇਤਾਵਨੀ ਦਿੱਤੀ ਹੈ, ਉਸ ਦਾ ਮਕਸਦ ਨਵੀਂ ਸਰਕਾਰ ਨੂੰ ਦੱਸਣਾ ਹੈ ਕਿ ਉਸ ਨੂੰ ਕਿਸ ਦਿਸ਼ਾ ਵਿੱਚ ਸਭ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਪਾਕਿਸਤਾਨ ਦੀ ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣਾ ਅਤੇ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣਾ ਹੋਵੇਗਾ।


ਪਿਛਲੇ ਸਾਲ 1.25 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਚਲੇ ਗਏ


ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਇਹ ਸੁਝਾਅ ਦਿੱਤਾ ਹੈ ਕਿਉਂਕਿ ਪਾਕਿਸਤਾਨ ਵਿੱਚ ਗ਼ਰੀਬੀ ਵਧ ਰਹੀ ਹੈ। ਪਿਛਲੇ ਸਾਲ 1.25 ਕਰੋੜ ਪਾਕਿਸਤਾਨੀ ਗ਼ਰੀਬੀ ਰੇਖਾ ਤੋਂ ਹੇਠਾਂ ਚਲੇ ਗਏ। ਉਨ੍ਹਾਂ ਦੀ ਹਾਲਤ ਇਹ ਬਣ ਗਈ ਹੈ ਕਿ ਹੁਣ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਤਰਸਣਾ ਪੈ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਗ਼ਰੀਬੀ 34.2 ਫੀਸਦੀ ਤੋਂ ਵਧ ਕੇ 39.4 ਫੀਸਦੀ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਲੋਕ ਹਰ ਰੋਜ਼ ਗ਼ਰੀਬੀ ਰੇਖਾ ਤੋਂ ਹੇਠਾਂ ਜਾ ਰਹੇ ਹਨ। ਉਨ੍ਹਾਂ ਲਈ ਜ਼ਰੂਰੀ ਵਸਤਾਂ ਖ਼ਰੀਦਣਾ ਵੀ ਹੁਣ ਸੰਭਵ ਨਹੀਂ ਰਿਹਾ।


ਮੌਜੂਦਾ ਢੰਗ ਨਾਲ ਗ਼ਰੀਬੀ ਨਹੀਂ ਘਟੇਗੀ


ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਦੇਸ਼ ਅੱਜ ਗ਼ਰੀਬੀ 'ਤੇ ਕਾਬੂ ਪਾਉਣ ਵਿਚ ਅਸਮਰੱਥ ਰਿਹਾ ਹੈ। ਇਹ ਇੱਕ ਅਜਿਹੀ ਸਮੱਸਿਆ ਹੈ ਜੋ ਭਵਿੱਖ ਵਿੱਚ ਪਾਕਿਸਤਾਨ ਲਈ ਚੁਣੌਤੀ ਬਣਨ ਵਾਲੀ ਹੈ। ਪਾਕਿਸਤਾਨ ਲਈ ਵਿਸ਼ਵ ਬੈਂਕ ਦੇ ਨਿਰਦੇਸ਼ਕ ਨਾਜੀ ਬੇਨਹਾਸੀਨ ਨੇ ਕਿਹਾ ਕਿ ਇਹ ਸਮਾਂ ਹੈ ਜਦੋਂ ਪਾਕਿਸਤਾਨ ਨੂੰ ਆਪਣੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ ਹਨ, ਤਾਂ ਜੋ ਆਰਥਿਕ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ।


ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਮਹਿੰਗਾਈ, ਬਿਜਲੀ ਦੀਆਂ ਵਧਦੀਆਂ ਕੀਮਤਾਂ, ਗੰਭੀਰ ਜਲਵਾਯੂ ਸੰਕਟ ਅਤੇ ਵਿਕਾਸ ਲਈ ਨਾਕਾਫ਼ੀ ਜਨਤਕ ਸਰੋਤਾਂ ਸਮੇਤ ਕਈ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਜੀ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਰਤੇ ਜਾ ਰਹੇ ਵਿਕਾਸ ਮਾਡਲ ਰਾਹੀਂ ਪਾਕਿਸਤਾਨ ਵਿੱਚ ਗ਼ਰੀਬੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਦੀ ਪ੍ਰਤੀ ਵਿਅਕਤੀ ਆਮਦਨ ਦੱਖਣੀ ਏਸ਼ੀਆ ਵਿੱਚ ਸਭ ਤੋਂ ਘੱਟ ਹੈ।