ਇਸਲਾਮਾਬਾਦ : ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਸਮੇਤ 5100 ਦਹਿਸ਼ਤਗਰਦਾਂ ਦੇ 40 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਖਾਤੇ ਜਾਮ ਕਰ ਦਿੱਤੇ ਹਨ। ਸਟੇਟ ਬੈਂਕ ਆਫ਼ ਪਾਕਿਸਤਾਨ ਵੱਲੋਂ ਇਹ ਕਾਰਵਾਈ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਇਹ ਕਦਮ ਕੌਮਾਂਤਰੀ ਖ਼ਾਸ ਕਰ ਕੇ ਭਾਰਤ ਦੇ ਦਬਾਅ ਹੇਠ ਆ ਕੇ ਚੁੱਕਿਆ ਹੈ।
ਦੂਜੇ ਪਾਸੇ ਪਾਕਿਸਤਾਨ ਨੇ ਇਹ ਕਦਮ ਚੁੱਕ ਕੇ ਮੰਨ ਲਿਆ ਹੈ ਕਿ ਉਸ ਦੇ ਦੇਸ਼ ਵਿੱਚ ਦਹਿਸ਼ਤਗਰਦ ਦੇ ਟਿਕਾਣੇ ਹਨ। ਦਹਿਸ਼ਤਗਰਦਾਂ ਦੇ ਮੁੱਦੇ ਉੱਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਤਿੰਨ ਤਿੰਨ ਵੱਖ ਲਿਸਟਾਂ ਤਿਆਰ ਕੀਤੀਆਂ ਸਨ। ਇਹਨਾਂ ਲਿਸਟਾਂ ਵਿੱਚ ਉਨ੍ਹਾਂ ਦਹਿਸ਼ਤਗਰਦਾਂ ਦੇ ਨਾਮ ਹਨ ਜੋ ਪਾਕਿਸਤਾਨ ਵਿੱਚ ਬੈਠ ਕੇ ਵੱਖ ਵੱਖ ਦੇਸ਼ਾਂ ਵਿੱਚ ਦਹਿਸ਼ਤਗਰਦ ਸਾਜ਼ਿਸ਼ਾਂ ਰਚਦੇ ਸਨ।
ਇਸ ਲਿਸਟ ਵਿੱਚ ਸਭ ਤੋਂ ਅਹਿਮ ਨਾਮ ਹੈ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦਾ। ਮਸੂਦ ਦਾ ਖਾਤਾ ਸਟੇਟ ਬੈਂਕ ਆਫ਼ ਪਾਕਿਸਤਾਨ ਵਿੱਚ ਸੀ ਜਿਸ ਨੂੰ ਫ਼ਿਲਹਾਲ ਬੰਦ ਕਰ ਦਿੱਤਾ ਗਿਆ ਹੈ। ਮਸੂਦ ਦਾ ਨਾਮ ਦਹਿਸ਼ਤਗਰਦਾਂ ਦੀ ਏ ਸ਼੍ਰੇਣੀ ਵਾਲੀ ਲਿਸਟ ਵਿੱਚ ਸੀ। ਮਸੂਦ ਅਜ਼ਹਰ ਉੱਤੇ ਹੀ ਪਠਾਨਕੋਟ ਦੇ ਏਅਰਬੇਸ ਅਤੇ ਉੜੀ ਹਮਲੇ ਦੀ ਸਾਜ਼ਿਸ਼ ਦਾ ਦੋਸ਼ ਹੈ।