ਲਾਹੌਰ: ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਕਸ਼ਮੀਰ ਦੇ ਪੁਲਵਾਮਾ ਵਿੱਚ ਕੀਤੇ ਗਏ ਦਰਦਨਾਕ ਫਿਦਾਇਨ ਹਮਲੇ ਦੀ ਜਾਂਚ ਆਰੰਭ ਦਿੱਤੀ ਹੈ ਅਤੇ ਮੁਢਲੇ ਵੇਰਵੇ ਭਾਰਤ ਨਾਲ ਸਾਂਝੇ ਵੀ ਕਰ ਦਿੱਤੇ ਹਨ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਰਿਪੋਰਟ ਸੌਂਪ ਦਿੱਤੀ ਹੈ।


ਬੀਤੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ 'ਤੇ ਫਿਦਾਇਨ ਹਮਲਾ ਹੋਇਆ ਸੀ। ਇਹ ਦਹਿਸ਼ਤੀ ਹਮਲੇ ਵਿੱਚ 40 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚੋਂ ਚਾਰ ਪੰਜਾਬ ਦੇ ਸਨ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ, ਜਿਸ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿੱਚ ਹੈ। ਭਾਰਤ ਨੇ ਪੁਲਵਾਮਾ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਟਿਕਾਣੇ ਤਬਾਹ ਕੀਤੇ ਸਨ ਅਤੇ ਪਾਕਿਸਤਾਨ ਨੇ ਅਗਲੇ ਦਿਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਮਾਹੌਲ ਕਾਫੀ ਤਲਖ਼ ਹੋ ਗਿਆ ਸੀ।

ਕੌਮਾਂਤਰੀ ਦਬਾਅ ਕਾਰਨ ਦੋਵੇਂ ਦੇਸ਼ ਟਕਰਾਅ ਦੀ ਸਥਿਤੀ ਤੋਂ ਮੁੜਨ ਲੱਗੇ ਅਤੇ 27 ਫਰਵਰੀ ਨੂੰ ਪਾਕਿਸਤਾਨ ਨੂੰ ਪੁਲਵਾਮਾ ਹਮਲੇ ਸਬੰਧੀ ਭਾਰਤ ਦਾ ਡੋਜ਼ੀਅਰ ਮਿਲੀਆ। ਇਸ 'ਤੇ ਕਾਰਵਾਈ ਕਰਦਿਆਂ ਹੁਣ ਪਾਕਿਸਤਾਨ ਨੇ ਆਪਣੀ ਮੁਢਲੀ ਜਾਂਚ ਰਿਪੋਰਟ ਸੌਂਪੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਪਾਇਲਟ ਅਭਿਨੰਦਨ ਦੀ ਵਾਪਸੀ ਕਰਨ ਦੇ ਐਲਾਨ ਸਮੇਂ ਕਿਹਾ ਸੀ ਕਿ ਉਹ ਭਾਰਤ ਵੱਲੋਂ ਮਿਲੇ ਸਬੂਤਾਂ 'ਤੇ ਕਾਰਵਾਈ ਕਰਨਗੇ। ਹੁਣ ਦੇਖਣਾ ਹੋਵੇਗਾ ਕਿ ਰਿਪੋਰਟ ਵਿੱਚ ਪਾਕਿਸਤਾਨ ਨੇ ਕੀ ਕਾਰਵਾਈ ਕੀਤੀ ਹੈ।