Pakistan's Conspiracy: ਅੰਤਰ-ਰਾਸ਼ਟਰੀ ਮੰਚ 'ਤੇ ਭਾਰਤ ਨੂੰ ਬਦਨਾਮ ਕਰਨ ਤੇ ਚੀਨ ਨੂੰ ਗੁੰਮਰਾਹ ਕਰਕੇ ਆਪਣਾ ਮਕਸਦ ਹੱਲ ਕਰਨਲ ਈ ਪਾਕਿਸਤਾਨ ਨਵੀਂ ਸਾਜ਼ਿਸ਼ ਰਚ ਰਿਹਾ ਹੈ। ਇਸ ਸਾਜ਼ਿਸ਼ ਦੇ ਤਹਿਤ ਉਹ ਪਾਕਿਸਤਾਨ 'ਚ ਮੌਜੂਦ ਚੀਨੀ ਨਾਗਰਿਕਾਂ ਤੇ ਖੁਦ ਹਮਲਾ ਕਰਵਾ ਰਿਹਾ ਹੈ ਉਸਦੀ ਆੜ 'ਚ ਇਕ ਪਾਸੇ ਚੀਨ ਨੂੰ ਆਪਣਾ ਮਹੱਤਵ ਦੱਸਦਿਆਂ ਸੁਰੱਖਿਆ ਦੇ ਨਾਂਅ 'ਤੇ ਜ਼ਿਆਦਾ ਫੰਡ ਚਾਹੁੰਦਾ ਹੈ ਉੱਥੇ ਹੀ ਇਹ ਵੀ ਚਾਹੁੰਦਾ ਹੈ ਕਿ ਚੀਨ ਉਸ ਨਾਲ ਮਿਲ ਕੇ ਭਾਰਤ ਨੂੰ ਬਦਨਾਮ ਕਰੇ ਤੇ ਉਸ ਦਾ ਨਾਂਅ ਐਸਟੀਐਫ ਦੀ ਕਾਲੀ ਸੂਚੀ ਤੋਂ ਬਾਹਰ ਕਢਵਾਉਣ ਲਈ ਮਦਦ ਕਰੇ।


ਚੀਨ ਨੇ ਆਪਣੇ ਨਾਗਰਿਕਾਂ 'ਤੇ ਹੋਏ ਹਮਲੇ ਨੂੰ ਲੈਕੇ ਪਾਕਿਸਤਾਨ ਦੇ ਜਵਾਨਾਂ ਨੂੰ ਚੀਨ ਬੁਲਾਇਆ ਸੀ। ਜਿੱਥੇ ਬੈਠਕ ਤੋਂ ਬਾਅਦ ਚੀਨੀ ਯੋਜਨਾ ਦਾ ਕੰਮ ਦੇਖ ਰਹੇ ਜਨਰਲ ਬਾਜਵਾ ਤੋਂ ਸੁਰੱਖਿਆ ਦਾ ਕੰਮ ਵਾਪਸ ਲੈ ਲਿਆ ਗਿਆ।


ਪਾਕਿਸਤਾਨ 'ਚ ਚੀਨ ਦੇ ਨਾਗਰਿਕਾਂ ਤੇ ਇੰਜਨੀਅਰਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ 'ਚ ਹੁਣ ਤਕ 9 ਚੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਚੀਨੀ ਨਾਗਰਿਕ ਜ਼ਖ਼ਮੀ ਹੋਏ ਹਨ। ਇਹ ਹਮਲੇ ਜੁਲਾਈ ਤੋਂ ਸ਼ੁਰੂ ਹੋਏ ਤੇ ਅਗਸਤ 'ਚ ਲਗਾਤਾਰ ਜਾਰੀ ਹਨ। 14 ਜੁਲਾਈ ਨੂੰ ਦਾਸ ਬੰਨ੍ਹ 'ਤੇ ਹੋਏ ਹਮਲੇ 'ਚ 9 ਚੀਨੀ ਇੰਜਨੀਅਰਾਂ ਦੀ ਮੌਤ ਹੋ ਗਈ ਸੀ ਜਦਕਿ 28 ਜੁਲਾਈ ਨੂੰ ਕਰਾਚੀ 'ਚ ਇਕ ਚੀਨੀ ਨਾਗਰਿਕ ਦੀ ਕਾਰ 'ਤੇ ਫਾਇਰਿੰਗ ਕੀਤੀ ਗਈ ਸੀ ਤੇ 20 ਅਗਸਤ ਨੂੰ ਗਵਾਦਰ ਈਸਟ ਐਕਸਪ੍ਰੈਸ ਪ੍ਰੋਜੈਕਟ ਕੋਲ ਹੋਏ ਹਮਲੇ 'ਚ ਇਕ ਚੀਨੀ ਨਾਗਰਿਕ ਜ਼ਖ਼ਮੀ ਹੋ ਗਿਆ ਸੀ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਇਨ੍ਹਾਂ ਸਾਰੇ ਹਾਲਾਤਾਂ ਦਾ ਠੀਕਰਾ ਭਾਰਤ ਸਿਰ ਭੰਨਣਾ ਚਾਹੁੰਦਾ ਹੈ ਤੇ ਚੀਨ ਨੂੰ ਇਹ ਗੱਲ ਸਮਝਾ ਵੀ ਰਿਹਾ ਹੈ।


ਖੁਫੀਆ ਸੂਤਰਾਂ ਮੁਤਾਬਕ ਚੀਨ ਨੇ ਆਪਣੇ ਨਾਗਰਿਕਾਂ 'ਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਸੀਨੀਅਰ ਜਨਰਲਸ ਨੂੰ ਬੁਲਾਇਆ ਸੀ ਤੇ ਇਸ ਬੈਠਕ ਤੋਂ ਬਾਅਦ ਸੀਪੀਈਸੀ ਯੋਜਨਾਵਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੇਖ ਰਹੇ ਪਾਕਿਸਤਾਨੀ ਅਧਿਕਾਰੀ ਜਨਰਲ ਅਸੀਮ ਬਾਜਵਾ ਤੋਂ ਸੁਰੱਖਿਆ ਦੀ ਜ਼ਿੰਮੇਵਾਰੀ ਵਾਪਸ ਲੈ ਲਈ। ਇਸ ਬੈਠਕ ਦੌਰਾਨ ਪਾਕਿਸਤਾਨੀ ਜਨਰਲ ਤੇ ਆਈਐਸਆਈ ਚੀਨ ਨੂੰ ਲਗਾਤਾਰ ਇਹ ਸਮਝਾਉਂਦੀ ਰਹੀ ਕਿ ਇਨ੍ਹਾਂ ਹਮਲਿਆਂ ਪਿੱਛੇ ਭਾਰਤ ਦਾ ਹੱਥ ਹੈ।


ਸਿਖਰਲੇ ਖੁਫੀਆ ਸੂਤਰਾਂ ਦੇ ਮੁਤਾਬਕ ਪਾਕਿਸਤਾਨ 'ਚ ਚੀਨੀ ਨਾਗਰਿਕਾਂ 'ਤੇ ਜੋ ਹਮਲੇ ਹੋਏ ਉਨ੍ਹਾਂ ਦੇ ਡਿਜੀਟਲ ਸਬੂਤਾਂ ਤੇ ਵਿਸ਼ਵ ਦੀਆਂ ਵੱਖ-ਵੱਖ ਏਜੰਸੀਆਂ ਕੰਮ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਹੁਣ ਤਕ ਦੀ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਰੇ ਹਮਲੇ ਖੁਦ ਪਾਕਿਸਤਾਨ ਨੇ ਹੀ ਡਿਜ਼ਾਇਨ ਕੀਤੇ ਸਨ। ਇਸ ਦੇ ਪਿੱਛੇ ਉਸ ਦਾ ਮਕਸਦ ਇਕ ਤੀਰ ਨਾਲ ਕਈ ਸ਼ਿਕਾਰ ਫੁੰਡਨਾ ਹੈ। ਖੁਫੀਆ ਸੂਤਰਾਂ ਦੇ ਹਵਾਲੇ ਤੋਂ ਪਾਕਿਸਤਾਨ ਚਾਹੁੰਦਾ ਹੈ ਕਿ ਉਹ ਇਨ੍ਹਾਂ ਹਮਲਿਆਂ ਤੋਂ ਬਾਅਦ ਚੀਨ ਨੂੰ ਸੁਰੱਖਿਆ ਦੇ ਨਾਂਅ 'ਤੇ ਵਾਧੂ ਫੰਡ ਦੇਣ ਲਈ ਮਜਬੂਰ ਕਰੇ ਤੇ ਇਸ ਪੈਸੇ ਨਾਲ ਉਹ ਪਾਕਿਸਤਾਨ ਦੇ ਪੰਜਾਬ 'ਚ ਆਪਣੀਆਂ ਸੁਰੱਖਿਆ ਲੋੜਾਂ ਲਈ ਇਕ ਨਵੀਂ ਡਿਜ਼ਾਇਨ ਵਿਸ਼ੇਸ਼ ਸੁਰੱਖਿਆ ਡਿਵੀਜ਼ਨ ਬਣਾਉਣ ਦੀ ਯੋਜਨਾ ਬਣਾ ਚੁੱਕਾ ਹੈ।