Pakistan Visa: ਪਾਕਿਸਤਾਨ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਲਈ ਵੱਡਾ ਐਲਾਨ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਨ੍ਹਾਂ ਮੁਲਕਾਂ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਯਾਤਰੀਆਂ ਨੂੰ ਹੁਣ ਅੱਧੇ ਘੰਟੇ ਦੇ ਅੰਦਰ ਮੁਫ਼ਤ ਆਨਲਾਈਨ ਵੀਜ਼ਾ ਮਿਲੇਗਾ। ਇਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਖੱਜਲ-ਖੁਆਰੀ ਨਹੀਂ ਹੋਏਗੀ।
ਇਸ ਬਾਰੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਕਿਹਾ ਕਿ ਯੂਕੇ, ਅਮਰੀਕਾ ਤੇ ਕੈਨੇਡਾ ਤੋਂ ਪਾਕਿਸਤਾਨ ’ਚ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸਿੱਖ ਯਾਤਰੀਆਂ ਨੂੰ ਮੁਲਕ ’ਚ ਪਹੁੰਚਣ ’ਤੇ ਅੱਧੇ ਘੰਟੇ ਦੇ ਅੰਦਰ ਮੁਫ਼ਤ ਆਨਲਾਈਨ ਵੀਜ਼ਾ ਮਿਲੇਗਾ। ਨਕਵੀ ਨੇ ਇਹ ਟਿੱਪਣੀ ਲਾਹੌਰ ’ਚ ਸਿੱਖ ਯਾਤਰੀਆਂ ਦੇ 44 ਮੈਂਬਰੀ ਵਿਦੇਸ਼ੀ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਕੀਤੀ ਹੈ।
ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਪਾਕਿਸਤਾਨ ’ਚ ਕਈ ਸਿੱਖ ਵਿਰਾਸਤੀ ਸਥਾਨ ਦਰਸ਼ਨਾਂ ਲਈ ਖੋਲ੍ਹੇ ਜਾਣਗੇ ਤੇ ਇਸ ਲਈ ਕਿਸੇ ਪਰਮਿਟ ਦੀ ਲੋੜ ਨਹੀਂ ਹੋਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮੰਤਰੀ ਨੇ ਪਾਕਿਸਤਾਨ ’ਚ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਮੰਨਿਆ ਕਿ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਦੌਰੇ ’ਤੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਨਕਵੀ ਨੇ ਐਲਾਨ ਕੀਤਾ ਕਿ ਸਰਕਾਰ ਨੇ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਆਨਲਾਈਨ ਕਰਕੇ ਸੁਖਾਲਾ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ, ਕੈਨੇਡਿਆਈ ਤੇ ਯੂਕੇ ਦੇ ਪਾਸਪੋਸਟ ਵਾਲੇ ਆਨਲਾਈਨ ਅਪਲਾਈ ਕਰ ਸਕਦੇ ਹਨ ਤੇ 30 ਮਿੰਟਾਂ ਦੇ ਅੰਦਰ ਬਿਨਾਂ ਕਿਸੇ ਫੀਸ ਤੋਂ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਇਹ ਸਹੂਲਤ ਇਨ੍ਹਾਂ ਦੇਸ਼ਾਂ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਸਿੱਖਾਂ ਨੂੰ ਵੀ ਮਿਲੇਗੀ।
ਮੰਤਰੀ ਨੇ ਆਖਿਆ ਕਿ ਸਿੱਖ ਭਾਈਚਾਰੇ ਨੂੰ ਹੋਰ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ਨਕਵੀ ਨੇ ਆਖਿਆ ਕਿ ਜਿਵੇਂ ਸਾਊਦੀ ਅਰਬ ਮੁਸਲਮਾਨਾਂ ਲਈ ਮੁਕੱਦਸ ਸਥਾਨ ਹੈ, ਉਸੇ ਤਰ੍ਹਾਂ ਸਿੱਖਾਂ ਲਈ ਪਾਕਿਸਤਾਨ ਪਵਿੱਤਰ ਸਥਾਨ ਹੈ।