ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲੀ ਪਤਨੀ ਰੇਹਮ ਖਾਨ ਨੇ ਵੱਡਾ ਖੁਲਾਸਾ ਕੀਤਾ ਹੈ। ਜੰਮੂ-ਕਸ਼ਮੀਰ ਬਾਰੇ ਇਮਰਾਨ ਖ਼ਾਨ 'ਤੇ ਵੱਡਾ ਇਲਜ਼ਾਮ ਮੜ੍ਹਦਿਆਂ ਉਨ੍ਹਾਂ ਦੀ ਪਹਿਲੀ ਪਤਨੀ ਰੇਹਮ ਖਾਨ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਨਾਲ ਗੁਪਤ ਸੌਦਾ ਕੀਤਾ ਹੈ।
ਰੇਹਮ ਖਾਨ ਦਾ ਦਾਅਵਾ ਹੈ ਕਿ ਇਮਰਾਨ ਖਾਨ ਨੇ ਇਹ ਸੌਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਲਈ ਕੀਤਾ ਹੈ। ਇਸੇ ਕਾਰਨ ਉਹ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਨ ਬਾਰੇ ਆਪਣੀ ਗੱਲ ਮਜ਼ਬੂਤੀ ਨਾਲ ਨਹੀਂ ਰੱਖ ਪਾ ਰਹੇ ਤੇ ਨਾ ਹੀ ਇਸ ਦੇ ਵਿਰੁੱਧ ਕੋਈ ਠੋਸ ਕਦਮ ਚੁੱਕ ਰਹੇ ਹਨ।
ਦੱਸ ਦੇਈਏ ਰੇਹਮ ਖਾਨ ਪੇਸ਼ੇ ਤੋਂ ਪੱਤਰਕਾਰ ਹੈ। ਇਸ ਕਰਕੇ ਉਨ੍ਹਾਂ ਦੀ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਯਾਦ ਰਹੇ ਇਮਰਾਨ ਖਾਨ ਪਹਿਲਾਂ ਹੀ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਸਬੰਧੀ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹਨ। ਸੰਸਦ ਵਿੱਚ ਲਗਾਤਾਰ ਉਨ੍ਹਾਂ ਖਿਲਾਫ ਬਿਆਨਬਾਜ਼ੀ ਤੇ ਨਾਅਰੇਬਾਜ਼ੀ ਹੋ ਰਹੀ ਹੈ। ਹੁਣ ਉਨ੍ਹਾਂ ਦੀ ਸਾਬਕਾ ਪਤਨੀ ਦੇ ਇਹ ਸਨਸਨੀਖੇਜ਼ ਇਲਜ਼ਾਮਾਂ ਨਾਲ ਪਾਕਿਸਤਾਨ ਵਿੱਚ ਸਿਆਸੀ ਹਲਚਲ ਹੋਣੀ ਤੈਅ ਹੈ।
ਪਾਕਿਸਤਾਨ ਵਿੱਚ ਵਿਰੋਧੀ ਪਾਰਟੀਆਂ ਨੂੰ ਇਮਰਾਨ ਖ਼ਾਨ 'ਤੇ ਹਮਲਾ ਕਰਨ ਦਾ ਵੱਡਾ ਮੌਕਾ ਮਿਲ ਗਿਆ ਹੈ। ਇਮਰਾਨ ਖਾਨ ਦੀ ਪਹਿਲੀ ਪਤਨੀ ਰੇਹਮ ਖਾਨ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ ਜੋ ਕੁਝ ਵੀ ਹੋਇਆ ਹੈ, ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।
ਇੱਕ ਇੰਟਰਵਿਊ 'ਚ ਰੇਹਮ ਨੇ ਕਿਹਾ, 'ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਸ਼ਮੀਰ ਦਾ ਸੌਦਾ ਹੋ ਗਿਆ ਹੈ। 'ਕਸ਼ਮੀਰ ਬਣੇਗਾ ਪਾਕਿਸਤਾਨ' ਇਹ ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਹੈ।' ਰੇਹਮ ਦਾ ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।