ਇਸਲਾਮਾਬਾਦ: ਪਾਕਿਸਤਾਨ ਦੀ ਆਰਥਿਕ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮਹਿੰਗਾਈ ਕਾਰਨ ਦੇਸ਼ ਦੇ ਲੋਕ ਬੇਵੱਸ ਹੋ ਰਹੇ ਹਨ। ਆਲਮ ਇਹ ਹੈ ਕਿ ਹਜ਼ਾਰਾਂ ਲੋਕਾਂ ਨੂੰ ਅੱਧੀ ਰੋਟੀ 'ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਕੇ ਆਮ ਲੋਕਾਂ ਦੀਆਂ ਜੇਬ੍ਹਾਂ 'ਤੇ ਹੋਰ ਬੋਝ ਪਾ ਦਿੱਤਾ ਹੈ।


ਇਮਰਾਨ ਖਾਨ ਨੇ ਤੇਲ ਤੇ ਗੈਸ ਵਿਕਾਸ ਅਥਾਰਟੀ (ਓਗਰਾ) ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਓਗਰਾ ਨੇ ਹੀ ਪੈਟਰੋਲੀਅਮ ਉਤਪਾਦਾਂ 'ਤੇ 10 ਫੀਸਦੀ ਦੇ ਵਾਧੇ ਦਾ ਪ੍ਰਸਤਾਵ ਦਿੱਤਾ ਸੀ। ਜੇ ਪਾਕਿਸਤਾਨ ਵਿਚ ਵਿਕ ਰਹੇ ਪੈਟਰੋਲ ਦੀ ਭਾਰਤ ਨਾਲ ਤੁਲਨਾ ਕੀਤੀ ਜਾਏ ਤਾਂ ਇਹ ਭਾਰਤ ਨਾਲੋਂ ਲਗਪਗ ਦੁਗਣੀ ਕੀਮਤ 'ਤੇ ਵਿਕ ਰਿਹਾ ਹੈ।


ਸਰਕਾਰ ਦੇ ਤਾਜ਼ਾ ਫੈਸਲੇ ਤੋਂ ਬਾਅਦ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ਵਿੱਚ 5.15 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 5.65 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਇਨ੍ਹਾਂ ਦੀ ਕੀਮਤ 117.83 ਰੁਪਏ ਪ੍ਰਤੀ ਲੀਟਰ ਤੇ 135.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਫੈਸਲੇ ਨਾਲ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ, ਜੋ ਹੁਣ 5.38 ਰੁਪਏ ਮਹਿੰਗਾ ਹੋ ਗਿਆ ਹੈ। ਗੈਸ ਸਿਲੰਡਰ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਹਜ਼ਾਰ ਰੁਪਏ ਤੋਂ ਟੱਪ ਚੁੱਕਾ ਹੈ।