ਦੋ ਮਾਰਚ ਨੂੰ ਪਾਕਿਸਤਾਨ ਦੇ ਸੂਚਨਾ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇਮਰਾਨ ਖ਼ਾਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸ ਸਬੰਧ ਵਿੱਚ ਉਨ੍ਹਾਂ ਸੰਸਦੀ ਸਕੱਤਰੇਤ ਵਿੱਚ ਮਤਾ ਵੀ ਪੇਸ਼ ਕੀਤਾ ਸੀ। ਇਸ ਮਤੇ ਵਿੱਚ ਫਵਾਦ ਚੌਧਰੀ ਨੇ ਕਿਹਾ ਸੀ ਕਿ ਪੀਐਮ ਇਮਰਾਨ ਖ਼ਾਨ ਨੇ ਭਾਰਤ-ਪਾਕਿ ਵਿਚਾਲੇ ਤਣਾਅ ਘੱਟ ਕਰਨ ’ਚ ਵੱਡੀ ਭੂਮਿਕਾ ਨਿਭਾਈ ਹੈ। ਇਸ ਲਈ ਉਹ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ। ਉਨ੍ਹਾਂ ਦੇ ਮਤੇ ’ਤੇ ਇਮਰਾਨ ਖ਼ਾਨ ਨੇ ਇਹ ਬਿਆਨ ਦਿੱਤਾ ਹੈ।
ਦਰਅਸਲ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਦੇ ਮਿਰਾਜ-2000 ਜਹਾਜ਼ਾਂ ਨੇ ਪਾਕਿਸਤਾਨ ਦੇ ਮੁਜ਼ੱਫਰਾਬਾਦ ਤੇ ਬਾਲਾਕੋਟ ਵਿੱਚ ਅੱਤਵਾਦੀ ਅੱਡੇ ਤਬਾਹ ਕੀਤੇ ਸੀ। ਇਸ ਮਗਰੋਂ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ ਭਾਰਤੀ ਸੀਮਾ ਅੰਦਰ ਦਾਖ਼ਲ ਹੋਏ ਜਿਸ ਦੀ ਜਵਾਬੀ ਕਾਰਵਾਈ ਵਿੱਚ ਭਾਰਤ ਦੇ ਮਿਗ-21 ਨੇ ਪਾਕਿ ਦੇ ਐਫ-16 ਨੂੰ ਸੁੱਟ ਦਿੱਤਾ ਸੀ।
ਇਸ ਦੌਰਾਨ ਮਿਗ-21 ਕ੍ਰੈਸ਼ ਹੋ ਗਿਆ ਸੀ ਜਿਸ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਕਾਬੂ ਕਰ ਲਿਆ ਸੀ। ਇਮਰਾਨ ਖ਼ਾਨ ਨੇ ਦੋ ਦਿਨਾਂ ਬਾਅਦ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਜਿਸ ਪਿੱਛੋਂ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦੀ ਲਗਾਤਾਰ ਮੰਗ ਉੱਠ ਰਹੀ ਸੀ।