ਲੰਡਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਯੂਕੇ ਵਿੱਚ ਮਾਣਹਾਨੀ ਦਾ ਕੇਸ ਜਿੱਤ ਲਿਆ ਹੈ। ਪਾਕਿਸਤਾਨੀ ਨਿਊਜ਼ ਚੈਨਲ ’ਤੇ ਸ਼ੋਅ ਦੌਰਾਨ ਇੱਕ ਮੰਤਰੀ ਨੇ ਰੇਹਮ ਖ਼ਿਲਾਫ਼ ਕੁਝ ਟਿੱਪਣੀਆਂ ਕੀਤੀਆਂ ਸਨ। ਚੈਨਲ ਨੇ ਹੁਣ ਉਨ੍ਹਾਂ ਨੂੰ ਹਰਜਾਨਾ ਅਦਾ ਕੀਤਾ ਹੈ ਤੇ ਮੁਆਫ਼ੀ ਵੀ ਮੰਗੀ ਹੈ।


ਇਸ ਸਬੰਧੀ ਰੇਹਮ ਨੇ ਲੰਡਨ ’ਚ ਹਾਈਕੋਰਟ ਨੂੰ ਜਾਣੂ ਕਰਵਾ ਦਿੱਤਾ ਹੈ। ਰੇਹਮ ਪਾਕਿਸਤਾਨੀ ਮੂਲ ਦੀ ਬਰਤਾਨਵੀ ਨਾਗਰਿਕ ਹੈ। ਇਹ ਕੇਸ ‘ਦੁਨੀਆ ਟੀਵੀ’ ਖ਼ਿਲਾਫ਼ ਜੂਨ 2018 ਵਿੱਚ ਦਾਇਰ ਕੀਤਾ ਗਿਆ ਸੀ। ਇਸ ਦੇ ਇੱਕ ਸ਼ੋਅ ਵਿੱਚ ਪਾਕਿਸਤਾਨ ਦੇ ਤਤਕਾਲੀ ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਰੇਹਮ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ।