ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ‘ਚ ਓਹਾਰਾ ਤੇ ਮਿਡਵੇ ਹਵਾਈ ਅੱਡਿਆ ‘ਤੇ ਭਾਰੀ ਬਰਫਬਾਰੀ ਹੋਣ ਕਰਕੇ ਸੋਮਵਾਰ ਨੂੰ 1200 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਸ਼ਹਿਰ ਤੇ ਨੇੜਲੇ ਇਲਾਕਿਆ ‘ਚ ਭਾਰੀ ਬਰਫਬਾਰੀ ਹੋਈ ਹੈ। ਸ਼ਿਕਾਗੋ ਡਿਪਾਰਟਮੈਂਟ ਆਫ ਐਵੀਏਸ਼ਨ ਮੁਤਾਬਕ ਸ਼ਾਮ 5 ਵਜੇ ਤਕ ਓਹਾਰਾ ਇੰਟਰਨੈਸ਼ਨਲ ਅੱਡੇ ‘ਤੇ 1,114 ਉਡਾਣਾਂ ਰੱਦ ਕੀਤੀਆਂ ਗਈਆਂ, ਜਦਕਿ ਮਿਡਵੇ ‘ਤੇ 98 ਉਡਾਣਾਂ ਰੱਦ ਕੀਤੀਆਂ ਗਈਆਂ।


ਅਮਰੀਕੀ ਮੌਸਮ ਵਿਭਾਗ ਮੁਤਾਬਕ ਸ਼ਿਕਾਗੋ ਦੇ ਉੱਤਰੀ ਤੇ ਮੱਧ ਇਲਾਕੇ ‘ਚ ਭਾਰੀ ਬਰਫਬਾਰੀ ਹੋਈ ਹੈ। ਇਸ ਖੇਤਰ ‘ਚ ਤਿੰਨ ਤੋਂ ਛੇ ਇੰਚ ਬਰਫ ਵਿੱਛੀ ਹੈ। ਮੰਗਲਵਾਰ ਦੁਪਹਿਰ ਬਾਅਦ ਬਰਫਬਾਰੀ ਦੀ ਸੰਭਾਵਨਾ ਹੈ। ਇੱਕ ਨਿਊਜ਼ ਏਜੰਸੀ ਨੇ ਅਮਰੀਕਨ ਏਅਰਲਾਈਨ ਦੇ ਹਵਾਲੇ ਨਾਲ ਦੱਸਿਆ ਕਿ ਸੋਮਵਾਰ ਨੂੰ ਰਨਵੇ ‘ਤੇ ਜੰਮੀ ਬਰਫ ਕਰਕੇ ਇੱਕ ਜਹਾਜ਼ ਨੂੰ ਖਿੱਚ ਕੇ ਲਿਆਂਦਾ ਗਿਆ।

ਸੋਮਵਾਰ ਨੂੰ ਸ਼ਿਕਾਗੋ ਦੀਆਂ ਸੜਕਾਂ ‘ਤੇ ਅੱਧਾ ਫੁੱਟ ਤਕ ਬਰਫ ਸੀ। ਉੱਤਰੀ ਪੱਛਮੀ ਇੰਡੀਆਨਾ ‘ਚ ਛੇ ਇੰਚ ਤਕ ਬਰਫਬਾਰੀ ਹੋਈ। ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਠੰਢ ਇਸ ਵਾਰ ਜਲਦੀ ਆ ਗਈ ਹੈ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਮੈਂ 60 ਸਾਲ ਤੋਂ ਇੱਥੇ ਹਾਂ ਪਰ ਕਦੇ ਇੰਨੀ ਜਲਦੀ ਠੰਢ ਮਹਿਸੂਸ ਨਹੀਂ ਕੀਤੀ।