ਕਰਾਚੀ- ਪਾਕਿਸਤਾਨ ਵਿੱਚ ਇਕ ਉਭਰ ਰਹੇ ਅਭਿਨੇਤਾ ਅਤੇ ਤਿੰਨ ਸ਼ੱਕੀ ਤਾਲੀਬਾਨੀ ਅੱਤਵਾਦੀਆਂ ਦੇ ਝੂਠੇ ਮੁਕਾਬਲੇ ਵਿਚ ਮਾਰੇ ਜਾਣ ਦੇ ਕੇਸ ਵਿਚ ਜਾਂਚ ਕਮੇਟੀ ਵਲੋਂ ਦੋਸ਼ੀ ਕਰਾਰ ਦਿੱਤੇ ਪਾਕਿਸਤਾਨ ਦੇ ਇਕ ਚੋਟੀ ਦੇ ਪੁਲਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਰਾਵ ਅਨਵਰ ਅਤੇ ਇਕ ਹੋਰ ਸੀਨੀਅਰ ਪੁਲਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਹੈ।
ਨਕੀਬ (27) ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸੋਸ਼ਲ ਮੀਡੀਆ ਉਤੇ ਇਸ ਦਾਅਵੇ ਨੂੰ ਗਲਤ ਦੱਸਿਆ ਸੀ ਕਿ ਉਤਰੀ ਵਜੀਰਿਸਤਾਨ ਦਾ ਰਹਿਣ ਵਾਲਾ ਨਕੀਬ ਕਿਸੇ ਵੀ ਤਰ੍ਹਾਂ ਪਾਬੰਦੀ ਸ਼ੁਦਾ ਸੰਗਠਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦਾ ਕਮਾਂਡਰ ਸੀ। ਜਾਂਚ ਕਮੇਟੀ ਨੂੰ ਪਤਾ ਲੱਗਾ ਕਿ ਨਕੀਬ ਦੀ ਉਤਰੀ ਵਜੀਰਿਸਤਾਨ ਦੇ ਸੋਹਰਾਬ ਗੋਠ ਇਲਾਕੇ ਵਿਚ ਦੁਕਾਨ ਸੀ ਤੇ ਉਹ ਮਾਡਲਿੰਗ ਤੇ ਐਕਟਿੰਗ ਵਿਚ ਕੈਰੀਅਰ ਬਣਾਉਣਾ ਚਾਹੁੰਦਾ ਸੀ।
ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਇਸ ਮੁੱਦੇ ਉਤੇ ਸੋਹਰਾਬ ਗੋਠ ਖੇਤਰ ਵਿਚ ਝੜਪਾਂ ਹੋਈਆਂ ਤੇ ਕਈ ਲੋਕ ਜ਼ਖਮੀ ਹੋਏ ਸਨ। ਕਰਾਚੀ ਦੇ ਬਾਹਰਲੇ ਖੇਤਰ ਵਿਚ 13 ਜਨਵਰੀ ਨੂੰ ਅਨਵਰ ਦੀ ਅਗਵਾਈ ਵਾਲੀ ਟੀਮ ਨੇ ਨਕੀਬ ਅਤੇ ਤਿੰਨ ਹੋਰਨਾਂ ਨੂੰ ਮਾਰ ਦਿੱਤਾ ਸੀ ਅਤੇ ਪੁਲਸ ਦਾ ਦਾਅਵਾ ਸੀ ਕਿ ਉਹ ਸਾਰੇ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਮੈਂਬਰ ਸਨ।
ਜਾਂਚ ਕਮੇਟੀ ਦੀ ਅਗਵਾਈ ਕਰਨ ਵਾਲੇ ਅੱਤਵਾਦ ਰੋਕੂ ਵਿਭਾਗ ਦੇ ਏ ਆਈ ਜੀ ਸਨਾਉੱਲਾ ਅੱਬਾਸੀ ਨੇ ਕਿਹਾ ਕਿ ਨਕੀਬ ਦਾ ਪਰਿਵਾਰ ਜਦੋਂ ਆਪਣੇ ਬਿਆਨ ਦਰਜ ਕਰਵਾਉਣ ਕਰਾਚੀ ਜਾਵੇਗਾ ਤਾਂ ਉਸ ਨੂੰ ਸੁਰੱਖਿਆ ਦਿੱਤੀ ਜਾਵੇਗੀ।