Pakistan Politicial Crisis: ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ 'ਤੇ ਘੱਟ ਗਿਣਤੀ ਵਿੱਚ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐਸਆਈ ਮੁਖੀ ਨਦੀਮ ਅੰਜੁਮ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ। ਪਾਕਿਸਤਾਨੀ ਫੌਜ ਦੇ ਦੋਵੇਂ ਸੀਨੀਅਰ ਅਧਿਕਾਰੀ ਅਜਿਹੇ ਸਮੇਂ 'ਚ ਇਮਰਾਨ ਖਾਨ ਨੂੰ ਮਿਲਣ ਆਏ ਹਨ, ਜਦੋਂ ਕਾਨੂੰਨ ਮੰਤਰੀ ਫਾਰੂਗ ਨਸੀਮ ਅਤੇ ਆਈਟੀ ਮੰਤਰੀ ਅਮੀਨ-ਉਲ-ਹੱਕ ਨੇ ਆਪਣੇ ਅਸਤੀਫ਼ਿਆਂ ਦਾ ਐਲਾਨ ਕੀਤਾ ਹੈ। ਇਸ ਨੂੰ ਇਮਰਾਨ ਖਾਨ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।


25 ਮਾਰਚ ਨੂੰ ਵਿਰੋਧੀ ਪਾਰਟੀਆਂ ਨੇ ਖਾਨ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਪਾਕਿਸਤਾਨ ਦੀ 342 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਖਾਨ ਦੀ ਪਾਰਟੀ ਦੇ 155 ਮੈਂਬਰ ਹਨ ਅਤੇ ਸੱਤਾ ਵਿਚ ਬਣੇ ਰਹਿਣ ਲਈ ਉਹਨਾਂ ਨੂੰ ਘੱਟੋ-ਘੱਟ 172 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ।



ਦੂਜੇ ਪਾਸੇ ਖਾਨ ਨੇ ਦੋਸ਼ ਲਗਾਇਆ ਹੈ ਕਿ ਕੁਝ ਲੋਕ ਵਿਦੇਸ਼ੀ ਫੰਡਾਂ ਦੀ ਮਦਦ ਨਾਲ ਪਾਕਿਸਤਾਨ 'ਚ ਉਨ੍ਹਾਂ ਦੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਮਰਾਨ ਸਰਕਾਰ ਦੇ ਮੰਤਰੀ ਅਸਦ ਉਮਰ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਚਿੱਠੀ ਦਿਖਾਉਣ ਲਈ ਤਿਆਰ ਹਨ।



ਹਾਲਾਂਕਿ ਇਮਰਾਨ ਖਾਨ ਸਰਕਾਰ 'ਚ ਸੂਚਨਾ ਅਤੇ ਪ੍ਰਸਾਦ ਮੰਤਰੀ ਰਹੇ ਫਵਾਦ ਚੌਧਰੀ ਨੇ ਵੀ ਦਾਅਵਾ ਕੀਤਾ ਕਿ ਇਮਰਾਨ ਖਾਨ ਆਖਰੀ ਗੇਂਦ ਤੱਕ ਖੇਡਣ ਵਾਲੇ ਖਿਡਾਰੀ ਹਨ, ਕੋਈ ਅਸਤੀਫਾ ਨਹੀਂ ਹੋਵੇਗਾ। ਮੈਦਾਨ ਲੱਗੇਗਾ, ਦੋਸਤ ਵੀ ਵੇਖਣਗੇ ਤੇ ਦੁਸ਼ਮਣ ਵੀ ਵੇਖਣਗੇ। ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਦੇਸ਼ ਨੂੰ ਸੰਬੋਧਨ ਕਰ ਸਕਦੇ ਹਨ।



ਵਿਰੋਧੀ ਧਿਰ ਦੀ ਪ੍ਰੈਸ ਕਾਨਫਰੰਸ
ਬੁੱਧਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ, ਬਿਲਾਵਲ ਭੁੱਟੋ ਅਤੇ ਮਰੀਅਮ ਨਵਾਜ਼ ਜ਼ਰਦਾਰੀ ਨੇ ਪ੍ਰੈੱਸ ਕਾਨਫਰੰਸ ਕੀਤੀ। ਸ਼ਰੀਫ ਨੇ ਕਿਹਾ, ਅੱਜ ਪਾਕਿਸਤਾਨ ਦੀ ਤਾਰੀਕ  'ਚ ਅਹਿਮ ਦਿਨ ਹੈ। ਮੈਂ MQM ਦੇ ਨੇਤਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸਾਡਾ ਮਕਸਦ ਪਾਕਿਸਤਾਨ ਦੀ ਖੁਸ਼ਹਾਲੀ ਹੈ। ਜਦੋਂ ਇਮਰਾਨ ਖਾਨ ਬਹੁਮਤ ਗੁਆ ਚੁੱਕੇ ਹਨ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਸਾਜ਼ਿਸ਼ ਕਾਰਨ ਜੋ ਨੁਕਸਾਨ ਕਰਾਚੀ ਨੂੰ ਹੋਇਆ, ਉਹ ਸਾਰਾ ਪਾਕਿਸਤਾਨ ਭੁਗਤ ਰਿਹਾ ਹੈ।



ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਕਰਾਚੀ ਦੀ ਤਰੱਕੀ ਅਤੇ ਪਾਕਿਸਤਾਨ ਦੀ ਤਰੱਕੀ ਲਈ ਕਦਮ ਚੁੱਕਾਂਗੇ। ਇਮਰਾਨ ਖਾਨ ਅਸਤੀਫਾ ਦੇ ਦੇਣ। ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਹੈ। ਕੱਲ੍ਹ ਸੰਸਦ ਦਾ ਸੈਸ਼ਨ ਹੈ, ਕੱਲ੍ਹ ਹੀ ਵੋਟਿੰਗ ਕਰਦੇ ਹਾਂ। ਪਾਕਿਸਤਾਨ ਦੀ ਤਰੱਕੀ ਦੇ ਸਫਰ ਦਾ ਆਗਾਜ਼ ਹੋ ਸਕਦੇ ਹਨ।