Imran Khan Bail ATC : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਤਵਾਦ ਵਿਰੋਧੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਇਮਰਾਨ ਨੂੰ ਹਿੰਸਾ ਮਾਮਲੇ 'ਚ 2 ਜੂਨ ਤੱਕ ਅੰਤਰਿਮ ਜ਼ਮਾਨਤ ਮਿਲ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਮਾਮਲਿਆਂ ਵਿੱਚ ਵੀ ਇਮਰਾਨ ਨੂੰ ਸੰਭਾਵਿਤ ਕਾਰਵਾਈ ਤੋਂ ਪਹਿਲਾਂ ਰਾਹਤ ਮਿਲ ਗਈ ਹੈ।ਇਮਰਾਨ ਖਾਨ ਨੂੰ 9 ਮਈ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਅਲ ਕਾਦਿਰ ਟਰੱਸਟ ਮਾਮਲੇ 'ਚ ਪਾਕਿ ਰੇਂਜਰਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਇਮਰਾਨ ਦੇ ਸਮਰਥਕਾਂ ਨੇ ਦੇਸ਼ ਭਰ 'ਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਦੇਸ਼ ਦੇ ਵੱਡੇ ਸ਼ਹਿਰਾਂ 'ਚ ਫੌਜ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ।



ਆਰਮੀ ਐਕਟ ਤਹਿਤ ਕੇਸ



ਇਮਰਾਨ ਖਾਨ ਦੇ ਸਮਰਥਕਾਂ ਨੇ ਜਿਸ ਤਰ੍ਹਾਂ ਪੂਰੇ ਦੇਸ਼ 'ਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਸਰਕਾਰ ਨੇ ਉਸ ਲਈ ਇਮਰਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਵਿਰੁੱਧ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ 'ਚ ਅੱਤਵਾਦ ਫੈਲਾਉਣ ਦਾ ਮਾਮਲਾ ਦਰਜ ਕੀਤਾ ਸੀ। ਇਮਰਾਨ ਖਾਨ 'ਤੇ ਹਿੰਸਾ ਭੜਕਾਉਣ ਅਤੇ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਸੀ। ਪ੍ਰਦਰਸ਼ਨਾਂ ਦੌਰਾਨ ਲੋਕਾਂ ਨੇ ਦੇਸ਼ ਦਾ ਕਰੀਬ 25 ਕਰੋੜ ਰੁਪਏ ਦਾ ਨੁਕਸਾਨ ਕੀਤਾ ਸੀ। ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਫੌਜ ਦੇ ਕਹਿਣ 'ਤੇ ਸਰਕਾਰ ਨੇ ਉਨ੍ਹਾਂ 'ਤੇ ਆਰਮੀ ਐਕਟ ਦੇ ਤਹਿਤ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ।

ਸਰਕਾਰ ਨੇ ਰਚੀ ਸਾਜ਼ਿਸ਼ - ਇਮਰਾਨ ਖਾਨ


ਹਾਲਾਂਕਿ ਇਮਰਾਨ ਖਾਨ ਲਗਾਤਾਰ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਮੌਜੂਦਾ ਸਰਕਾਰ ਦੀ ਸਾਜ਼ਿਸ਼ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਦੀ ਯੋਜਨਾ ਹੈ।

ਇਮਰਾਨ ਖਾਨ ਨੇ ਕਿਹਾ ਕਿ ਸਰਕਾਰ 'ਚ ਬੈਠੇ ਲੋਕਾਂ ਨੂੰ ਸੰਵੇਦਨਸ਼ੀਲਤਾ ਨਾਲ ਸੋਚਣਾ ਚਾਹੀਦਾ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀ ਹਾਲਤ ਪੂਰਬੀ ਪਾਕਿਸਤਾਨ ਵਰਗੀ ਹੋ ਜਾਵੇਗੀ। ਦੇਸ਼ ਦੀ ਫੌਜ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਮੈਂ ਫੌਜ ਦੀ ਨਿੰਦਾ ਕਰਦਾ ਹਾਂ ਤਾਂ ਅਜਿਹਾ ਲੱਗਦਾ ਹੈ ਜਿਵੇਂ ਮੈਂ ਆਪਣੇ ਬੱਚਿਆਂ ਦੀ ਆਲੋਚਨਾ ਕਰ ਰਿਹਾ ਹਾਂ।