ਲਾਹੌਰ: ਪਾਕਿਸਤਾਨ ਵਿੱਚ ਇੱਕ ਸੱਤ ਸਾਲਾਂ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ਫਾਂਸੀ ਦੇ ਦਿੱਤੀ ਗਈ ਹੈ। ਇਮਰਾਨ ਅਲੀ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਕਸੂਰ ਸ਼ਹਿਰ ਵਿੱਚ ਨਾਬਾਲਗ ਲੜਕੀ ਦੇ ਬਲਾਤਕਾਰ ਤੇ ਕਤਲ ਦੇ ਸਬੰਧ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਬੁੱਧਵਾਰ ਸਵੇਰੇ ਉਸ ਨੂੰ ਲਖਪਤ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ। 23 ਸਾਲਾ ਅਲੀ ਨੂੰ ਮੈਜਿਸਟ੍ਰੇਟ ਆਦਿਲ ਸਰਵਰ ਤੇ ਮ੍ਰਿਤਕ ਲੜਕੀ ਦੇ ਪਿਤਾ ਦੀ ਹਾਜ਼ਰੀ ਵਿੱਚ ਫਾਂਸੀ ਦਿੱਤੀ ਗਈ।

ਡਾਅਨ ਨਿਊਜ਼ ਨੇ ਦੱਸਿਆ ਕਿ ਫਾਂਸੀ ਦੌਰਾਨ ਲੜਕੀ ਦਾ ਚਾਚਾ ਵੀ ਜੇਲ੍ਹ ਵਿੱਚ ਮੌਜੂਦ ਸੀ। ਮੰਗਲਵਾਰ ਨੂੰ ਲਾਹੌਰ ਹਾਈ ਕੋਰਟ ਦੇ ਜੱਜ ਨੇ ਨਿਰਦੋਸ਼ ਲੜਕੀ ਦੇ ਪਿਤਾ ਅਮੀਨ ਅੰਸਾਰੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਦੋਸ਼ੀ ਨੂੰ ਜਨਤਕ ਤੌਰ ’ਤੇ ਫਾਂਸੀ ’ਤੇ ਲਟਕਾਉਣ ਦੀ ਮੰਗ ਕੀਤੀ ਜਾ ਰਹੀ ਸੀ।

ਲਾਈਵ ਪ੍ਰਸਾਰਣ ਦੀ ਉੱਠੀ ਸੀ ਮੰਗ

ਇਮਰਾਨ ਨੇ ਬੱਚੀ ਨਾਲ ਬਲਾਤਕਾਰ ਕਰਨ ਪਿੱਛੋਂ ਉਸਦੀ ਕਤਲ ਕੀਤਾ ਤੇ ਲਾਸ਼ ਨੂੰ ਕੂੜੇ ਦੇ ਡੱਬੇ ਅੰਦਰ ਸੁੱਟ ਦਿੱਤਾ ਸੀ। ਘਟਨਾ ਦੇ ਦੋ ਹਫਤਿਆਂ ਬਾਅਦ ਪੁਲਿਸ ਨੇ ਇਸ ਸਾਲ ਜਨਵਰੀ ਦੇ ਅਖ਼ੀਰ ਵਿੱਚ ਇਮਰਾਨ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਘਟਨਾ ਦੇ ਬਾਅਦ, ਪਾਕਿਸਤਾਨ ਦੀਆਂ ਸੜਕਾਂ 'ਤੇ ਤਗੜਾ ਵਿਰੋਧ ਸ਼ੁਰੂ ਹੋ ਗਿਆ ਸੀ। ਲੋਕ ਦੋਸ਼ੀ ਦੀ ਸਖਤ ਸਜ਼ਾ ਦੀ ਮੰਗ ਕਰ ਰਹੇ ਸਨ।

ਪਿਛਲੇ ਹਫ਼ਤੇ ਅੱਤਵਾਦ ਵਿਰੋਧੀ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਇਮਰਾਨ ਨੂੰ 17 ਅਕਤੂਬਰ ਨੂੰ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਜਾਵੇਗੀ। ਕਸੂਰ ਦੇ ਵਸਨੀਕ ਇਮਰਾਨ ਨੇ ਨਾਬਾਲਗਾਂ ਨਾਲ ਬਲਾਤਕਾਰ ਕਰਨ ਤੇ ਉਨ੍ਹਾਂ ਦੇ ਕਤਲ ਕਰਨ ਦੇ ਦੋਸ਼ ਵਿੱਚ ਘੱਟੋ ਘੱਟ 9 ਕੇਸ ਦਰਜ ਸਨ। ਅਦਾਲਤ ਨੇ ਪੰਜ ਮਾਮਲਿਆਂ ਵਿੱਚ ਆਪਣਾ ਫੈਸਲਾ ਸੁਣਾਇਆ। ਅੰਸਾਰੀ ਦੇ ਵਕੀਲ ਨੇ ਅਦਾਲਤ ਕੋਲੋਂ ਜੇਲ੍ਹ ਵਿੱਚ ਫਾਂਸੀ ਦੇ ਲਾਈਵ ਪ੍ਰਸਾਰਣ ਦੀ ਆਗਿਆ ਮੰਗੀ ਸੀ, ਪਰ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।