ਲਾਹੌਰ: ਲਹਿੰਦੇ ਪੰਜਾਬ ਵਿੱਚ ਸਦੀਆਂ ਪੁਰਾਣੀ ਗੁਰੂ ਨਾਨਕ ਦਰਬਾਰ ਨਾਂ ਦੀ ਇਤਿਹਾਸਕ ਇਮਾਰਤ ਨੂੰ ਢਾਹ ਦੇਣ ਦੀ ਖ਼ਬਰ ਹੈ। ਇੰਨਾ ਹੀ ਨਹੀਂ ਸ਼ਰਾਰਤੀ ਤੱਤਾਂ ਨੇ ਇਸ ਇਮਾਰਤ ਦੇ ਕੀਮਤੀ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਵੇਚ ਦਿੱਤਾ ਹੈ। ਇਸ ਚਾਰ ਮੰਜ਼ਲਾ ਇਮਾਰਤ ਦੀਆਂ ਕੰਧਾਂ 'ਤੇ ਗੁਰੂ ਨਾਨਕ ਦੇਵ ਜੀ ਤੇ ਵੱਖ-ਵੱਖ ਹਿੰਦੂ ਰਾਜਿਆਂ ਦੇ ਚਿੱਤਰ ਬਣੇ ਹੋਏ ਸਨ।
ਰਾਜਧਾਨੀ ਲਾਹੌਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਬਣੀ 'ਪੈਲੇਸ ਆਫ ਗੁਰੂ ਨਾਨਕ' ਨੂੰ ਚਾਰ ਸਦੀਆਂ ਪਹਿਲਾਂ ਪੁਰਾਣੀਆਂ ਇੱਟਾਂ (ਨਾਨਕਸ਼ਾਹੀ ਇੱਟ), ਮਿੱਟੀ ਤੇ ਚੂਨੇ ਨਾਲ ਉਸਾਰਿਆ ਗਿਆ ਸੀ। ਇਸ ਇਮਾਰਤ ਵਿੱਚ 16 ਕਮਰੇ ਸਨ ਤੇ ਹਰ ਕਮਰੇ ਦੇ ਤਿੰਨ-ਤਿੰਨ ਦਰਵਾਜ਼ੇ ਸਨ। ਕਮਰਿਆਂ ਵਿੱਚ ਦਿਆਰ ਦੀ ਮਹਿੰਗੀ ਲੱਕੜ ਨਾਲ ਉਸਾਰੀ ਗਈ ਛੱਤ ਵੀ ਸੀ ਤੇ ਛੋਟੀ ਲਾਲਟੈਨ ਲਾਉਣ ਦਾ ਵੀ ਪ੍ਰਬੰਧ ਸੀ। ਗੁਰੂ ਨਾਨਕ ਦਰਬਾਰ ਨਾਰੋਵਾਲ ਜ਼ਿਲ੍ਹੇ ਵਿੱਚ ਬਣਿਆ ਹੋਇਆ ਸੀ, ਇਹ ਉਹੀ ਜ਼ਿਲ੍ਹਾ ਹੈ ਜਿੱਥੇ ਕਰਤਾਰਪੁਰ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ ਵਕਫ ਬੋਰਡ ਦੇ ਅਧੀਨ ਆਉਂਦੀ ਸੀ, ਪਰ ਵਿਭਾਗ ਦੀ ਨਾਅਹਿਲੀਅਤ ਕਰਕੇ ਹੀ ਕੁਝ ਵਿਅਕਤੀਆਂ ਨੇ ਇਸ ਦੇ ਇੱਕ ਭਾਗ ਨੂੰ ਢਾਹ ਦਿੱਤਾ। ਉਨ੍ਹਾਂ ਦੱਸਿਆ ਕਿ ਸਿੱਖ ਲੋਕ ਭਾਰਤ ਸਮੇਤ ਪੂਰੀ ਦੁਨੀਆ ਤੋਂ ਇੱਥੇ ਆਉਂਦੇ ਸਨ। ਪਿੱਛੇ ਜਿਹੇ ਕੈਨੇਡਾ ਤੋਂ ਆਏ ਇੱਕ ਵਫ਼ਦ ਨੇ ਇਸ ਇਮਾਰਤ ਨੂੰ ਦੇਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਜਿਵੇਂ ਖ਼ਜ਼ਾਨਾ ਹੀ ਲੱਭ ਗਿਆ ਹੋਵੇ।
ਉੱਧਰ, ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਾਹਿਦ ਅਸਗ਼ਰ ਨੇ ਦੱਸਿਆ ਕਿ ਇਸ ਇਮਾਰਤ ਦੇ ਵੇਰਵੇ ਮਾਲ ਵਿਭਾਗ ਕੋਲ ਦਰਜ ਨਹੀਂ ਹਨ ਅਤੇ ਰਿਕਾਰਡ ਮੁਤਾਬਕ ਇਹ ਕੋਈ ਇਤਿਹਾਸਕ ਇਮਾਰਤ ਵੀ ਨਹੀਂ ਹੈ ਪਰ ਉਹ ਰਿਕਾਰਡ ਜਾਂਚ ਰਹੇ ਹਨ। ਉੱਧਰ, ਸਿਆਲਕੋਟ ਜ਼ੋਨ ਦੇ ਰੈਂਟ ਕਲੈਕਟਰ ਰਾਣਾ ਵਾਹਿਦ ਨੇ ਕਿਹਾ ਕਿ ਸਾਡੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੀ ਜਾਂਚ ਕਰ ਰਹੀ ਹੈ, ਜੇਕਰ ਇਹ ਥਾਂ ਵਕਫ ਬੋਰਡ ਦੀ ਜਾਇਦਾਦ ਹੋਈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਪਾਕਿਸਤਾਨ 'ਚ ਬਣਿਆ 'ਗੁਰੂ ਨਾਨਕ ਦਰਬਾਰ' ਢਾਹਿਆ, ਕੀਮਤੀ ਬੂਹੇ-ਬਾਰੀਆਂ ਵੇਚੀਆਂ
ਏਬੀਪੀ ਸਾਂਝਾ
Updated at:
27 May 2019 03:45 PM (IST)
'ਪੈਲੇਸ ਆਫ ਗੁਰੂ ਨਾਨਕ' ਨੂੰ ਚਾਰ ਸਦੀਆਂ ਪਹਿਲਾਂ ਪੁਰਾਣੀਆਂ ਇੱਟਾਂ (ਨਾਨਕਸ਼ਾਹੀ ਇੱਟ), ਮਿੱਟੀ ਤੇ ਚੂਨੇ ਨਾਲ ਉਸਾਰਿਆ ਗਿਆ ਸੀ। ਇਸ ਇਮਾਰਤ ਵਿੱਚ 16 ਕਮਰੇ ਸਨ ਤੇ ਹਰ ਕਮਰੇ ਦੇ ਤਿੰਨ-ਤਿੰਨ ਦਰਵਾਜ਼ੇ ਸਨ। ਕਮਰਿਆਂ ਵਿੱਚ ਦਿਆਰ ਦੀ ਮਹਿੰਗੀ ਲੱਕੜ ਨਾਲ ਉਸਾਰੀ ਗਈ ਛੱਤ ਵੀ ਸੀ ਤੇ ਛੋਟੀ ਲਾਲਟੈਨ ਲਾਉਣ ਦਾ ਵੀ ਪ੍ਰਬੰਧ ਸੀ।
- - - - - - - - - Advertisement - - - - - - - - -