Panic Rice Buying : ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਅਤੇ ਕੈਨੇਡਾ ਤੱਕ ਲੋਕ ਚੌਲ ਖਰੀਦਣ ਲਈ ਲੰਬੀਆਂ ਕਤਾਰਾਂ 'ਚ ਖੜ੍ਹੇ ਨਜ਼ਰ ਆ ਰਹੇ ਹਨ। ਇਨ੍ਹਾਂ ਦੇਸ਼ਾਂ 'ਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਅਤੇ ਅਫਰੀਕੀ ਨਾਗਰਿਕ ਵੱਡੀ ਗਿਣਤੀ 'ਚ ਚੌਲਾਂ ਦੇ ਪੈਕੇਟ ਖਰੀਦ ਕੇ ਘਰ 'ਚ ਜਮ੍ਹਾ ਕਰਵਾ ਰਹੇ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ 'ਚ ਚੌਲਾਂ ਦੀਆਂ ਕੀਮਤਾਂ ਵਧਣ ਨਾਲ ਉਨ੍ਹਾਂ ਨੂੰ ਵੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

 

ਰਿਟੇਲ ਸਟੋਰਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਲਈ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਦੇਸ਼ਾਂ ਦੇ ਰਿਟੇਲ ਸਟੋਰਾਂ ਨੇ ਵੀ ਚੌਲਾਂ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰ ਦਿੱਤਾ ਹੈ। ਏਸ਼ੀਆਈ ਅਤੇ ਅਫਰੀਕੀ ਮੂਲ ਦੇ ਲੋਕਾਂ ਲਈ ਚਾਵਲ ਉਹਨਾਂ ਦੇ ਭੋਜਨ ਵਿੱਚ ਇੱਕ ਪ੍ਰਮੁੱਖ ਸਥਾਨ ਰੱਖਦਾ ਹੈ।

 

ਭਾਰਤ ਦੇ ਐਕਸਪੋਰਟ ਬੈਨ ਨਾਲ ਵਧਿਆ ਸੰਕਟ !

 

ਦਰਅਸਲ, 20 ਜੁਲਾਈ, 2023 ਨੂੰ ਭਾਰਤ ਸਰਕਾਰ ਨੇ ਗੈਰ-ਬਾਸਮਤੀ ਚਿੱਟੇ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਐਕਸਪੋਰਟ ਕਰਨ ਵਾਲਾ ਦੇਸ਼ ਹੈ। ਵਿਸ਼ਵ ਐਕਸਪੋਰਟ ਵਿੱਚ ਭਾਰਤ ਦਾ 40 ਪ੍ਰਤੀਸ਼ਤ ਹਿੱਸਾ ਹੈ ਪਰ ਘਰੇਲੂ ਬਾਜ਼ਾਰ ਵਿੱਚ ਵਧਦੀਆਂ ਕੀਮਤਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਹਿੰਗਾਈ ਦੇ ਮੁੱਦੇ ’ਤੇ ਕੋਈ ਸਮਝੌਤਾ ਨਾ ਕਰਨ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ। 


 

ਇਸ ਤੋਂ ਬਾਅਦ ਹੀ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਵਰਗੇ ਦੇਸ਼ਾਂ ਵਿੱਚ ਪਰਵਾਸੀ ਭਾਰਤੀ ਅਤੇ ਅਫਰੀਕੀ ਮੂਲ ਦੇ ਨਾਗਰਿਕ ਚੌਲ ਖਰੀਦ ਕੇ ਸਟੋਰ ਕਰ ਰਹੇ ਹਨ। ਭਾਰਤ ਵੱਲੋਂ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਕਾਰਨ ਵਿਸ਼ਵ ਮੰਡੀ 'ਚ ਚੌਲਾਂ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਚੌਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੁਣ ਦੇਖਣ ਨੂੰ ਮਿਲ ਰਿਹਾ ਹੈ।
 

ਚੌਲਾਂ ਦੀ ਪੈਦਾਵਾਰ ਵਿੱਚ ਕਮੀ ਦੀ ਸੰਭਾਵਨਾ 


ਫਰਵਰੀ 2022 ਵਿਚ ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਸਪਲਾਈ ਦੀ ਸਮੱਸਿਆ ਕਾਰਨ ਵਿਸ਼ਵ ਪੱਧਰ 'ਤੇ ਫੂਡ ਸੰਕਟ ਦੇਖਣ ਨੂੰ ਮਿਲਿਆ ਸੀ, ਜਦੋਂ ਕਣਕ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਸਨ, ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਸੀ। ਉਸ ਸਮੇਂ ਵੀ ਭਾਰਤ ਨੇ ਘਰੇਲੂ ਮੰਡੀ ਵਿੱਚ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਕਣਕ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਚੌਲਾਂ ਦੇ ਐਕਸਪੋਰਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਾਲ ਦੁਨੀਆ ਭਰ ਵਿੱਚ ਐਲ ਨੀਨੋ ਦੇ ਪ੍ਰਭਾਵ ਕਾਰਨ ਚੌਲਾਂ ਦੀ ਪੈਦਾਵਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਕੀਮਤਾਂ ਹੋਰ ਵਧ ਸਕਦੀਆਂ ਹਨ।

 

IMF ਨੇ ਭਾਰਤ ਤੋਂ ਪਾਬੰਦੀ ਹਟਾਉਣ ਦੀ ਕੀਤੀ ਬੇਨਤੀ 


ਗਲੋਬਲ ਫੂਡ ਸੰਕਟ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁੱਖ ਅਰਥ ਸ਼ਾਸਤਰੀ ਪਿਏਰੇ-ਓਲੀਵੀਅਰ ਗੌਰਿਨਚਾਸ ਨੇ ਵੀ ਭਾਰਤ ਤੋਂ ਐਕਸਪੋਰਟ 'ਤੇ ਪਾਬੰਦੀ ਹਟਾਉਣ ਦੀ ਬੇਨਤੀ ਕੀਤੀ ਹੈ ਕਿਉਂਕਿ ਇਸ ਨਾਲ ਪੂਰੀ ਦੁਨੀਆ ਵਿਚ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ ਕਾਰਨ ਵਿਸ਼ਵ ਭਰ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਰਿਹਾ ਹੈ।

 

ਚੌਲ ਐਕਸਪੋਰਟ ਵਿੱਚ ਕਮੀ ਆਵੇਗੀ

 

ਸਰਕਾਰ ਦੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੇ ਫੈਸਲੇ ਨਾਲ ਕੁੱਲ ਬਰਾਮਦ 25 ਫੀਸਦੀ ਤੱਕ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਉਬਲੇ ਹੋਏ ਗੈਰ- ਬਸਮਤੀ ਚਾਵਲ ਅਤੇ ਬਾਸਮਤੀ ਚੌਲਾਂ ਦੇ ਐਕਸਪੋਰਟ 'ਤੇ ਪਾਬੰਦੀ ਨਹੀਂ ਲਗਾਈ ਗਈ ਹੈ।