Amrerica Crime News: ਅਮਰੀਕਾ ਦੀ ਪੁਲਿਸ ਨੇ 44 ਸਾਲ ਪਹਿਲਾਂ ਇੱਕ ਕਾਲਜ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਵਿਦਿਆਰਥਣ ਦੇ ਕਤਲ ਦਾ ਭੇਤ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 60 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਸਾਲ 1980 ਦੀ ਹੈ। ਉਸ ਸਮੇਂ ਇਸ ਘਟਨਾ ਨੇ ਪੂਰੇ ਸ਼ਹਿਰ ਵਿੱਚ ਹਲਚਲ ਮਚਾ ਦਿੱਤੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਮੁਲਜ਼ਮ ਦੇ ਚਿਊਇੰਗਮ ਦੀ ਮਦਦ ਨਾਲ ਇਸ ਮਾਮਲੇ ਦਾ ਭੇਤ ਸੁਲਝਾਇਆ ਹੈ।


ਹਾਸਲ ਜਾਣਕਾਰੀ ਮੁਤਾਬਕ ਇਸ ਵਿਅਕਤੀ 1980 ਵਿੱਚ ਅਮਰੀਕਾ ਦੇ ਓਰੇਗਨ ਸੂਬੇ ਵਿੱਚ ਇੱਕ ਕਾਲਜ ਵਿਦਿਆਰਥਣ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। ਪੁਲਿਸ ਨੇ ਉਸ ਵੱਲੋਂ ਚਬਾਏ ਚਿਊਇੰਗਮ ਵਿੱਚੋਂ ਮਿਲੇ ਡੀਐਨਏ ਦੀ ਮਦਦ ਨਾਲ ਮੁਲਜ਼ਮ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ। ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ, 60 ਸਾਲਾ ਰਾਬਰਟ ਨੂੰ ਪਿਛਲੇ ਹਫ਼ਤੇ ਫਸਟ ਡਿਗਰੀ ਕਤਲ ਕੇਸ ਲਈ ਦੋਸ਼ੀ ਪਾਇਆ ਗਿਆ।


ਕੀ ਸੀ ਸਾਰੀ ਘਟਨਾ?
ਰਿਪੋਰਟ ਮੁਤਾਬਕ ਅਮਰੀਕਾ ਦੀ ਮਲਟਨੋਮਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਨੇ ਦੱਸਿਆ ਕਿ ਇਹ ਘਟਨਾ 15 ਜਨਵਰੀ 1980 ਦੀ ਹੈ, ਜਦੋਂ ਦੋਸ਼ੀ 19 ਸਾਲਾ ਕਾਲਜ ਵਿਦਿਆਰਥਣ ਬਾਰਬਰਾ ਟਕਰ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ ਸੀ। ਦੋਸ਼ ਹੈ ਕਿ ਰਾਬਰਟ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਕੈਂਪਸ ਵਿਚ ਹੀ ਪਾਰਕਿੰਗ ਲਾਟ ਕੋਲ ਉਸ ਦੀ ਕੁੱਟਮਾਰ ਕੀਤੀ।


ਸਜ਼ਾ ਖਿਲਾਫ ਅਪੀਲ ਕਰਨਗੇ
ਬਾਰਬਰਾ ਮਾਊਂਟ ਹੁੱਡ ਕਮਿਊਨਿਟੀ ਕਾਲਜ ਦੀ ਵਿਦਿਆਰਥਣ ਸੀ। ਘਟਨਾ ਤੋਂ ਅਗਲੀ ਸਵੇਰ, ਕਾਲਜ ਵਿੱਚ ਕਲਾਸ ਲਾਉਣ ਲਈ ਆਏ ਵਿਦਿਆਰਥੀਆਂ ਨੂੰ ਬਾਰਬਰਾ ਦੀ ਲਾਸ਼ ਮਿਲੀ। ਫਿਲਹਾਲ ਰਾਬਰਟ ਨੇ ਖੁਦ ਨੂੰ ਦੋਸ਼ੀ ਨਹੀਂ ਮੰਨਿਆ। ਉਸ ਦੇ ਵਕੀਲਾਂ ਨੇ ਕਿਹਾ ਹੈ ਕਿ ਉਹ ਉਸ ਦੀ ਸਜ਼ਾ ਵਿਰੁੱਧ ਅਪੀਲ ਦਾਇਰ ਕਰਨਗੇ। ਮੁਲਜ਼ਮ ਦੇ ਵਕੀਲਾਂ ਸਟੀਫਨ ਹੋਵਜ਼ ਤੇ ਜੈਕਬ ਹੋਵਜ਼ ਨੇ ਸੀਐਨਐਨ ਨੂੰ ਦੱਸਿਆ ਕਿ ਉਹ ਕੇਸ ਦੀ ਅਪੀਲ ਕਰਨਗੇ।


ਭੇਤ ਕਿਵੇਂ ਸੁਲਝਿਆ?
ਜ਼ਿਲ੍ਹਾ ਅਟਾਰਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਾਰਬਰਾ ਦੇ ਪੋਸਟਮਾਰਟਮ ਦੌਰਾਨ ਲਿਆ ਗਿਆ ਯੋਨੀ ਸਲੈਬ ਵਿਸ਼ਲੇਸ਼ਣ ਲਈ ਓਰੇਗਨ ਸਟੇਟ ਪੁਲਿਸ ਕ੍ਰਾਈਮ ਲੈਬ ਨੂੰ ਭੇਜਿਆ ਗਿਆ ਸੀ। ਇਸ ਦੌਰਾਨ ਕ੍ਰਾਈਮ ਲੈਬ ਨੇ ਪਾਇਆ ਕਿ ਬਾਰਬਰਾ ਦੀ ਯੋਨੀ ਸਲੈਬ ਤੋਂ ਵਾਧੂ ਡੀਐਨਏ ਮਿਲਿਆ ਹੈ। ਇਸ ਦੇ ਨਾਲ ਹੀ ਜਾਂਚ ਟੀਮ ਨੇ ਰਾਬਰਟ 'ਤੇ ਵੀ ਸ਼ੱਕ ਜਤਾਇਆ ਪਰ ਉਸ ਖਿਲਾਫ ਕੋਈ ਸਬੂਤ ਨਹੀਂ ਮਿਲਿਆ।


ਚਿਊਇੰਗਮ ਤੋਂ ਲਿਆ ਗਿਆ ਡੀਐਨਏ ਨਮੂਨਾ
ਬਿਆਨ ਵਿੱਚ ਕਿਹਾ ਗਿਆ ਹੈ ਕਿ ਲੜਕੀ ਦੇ ਪੋਸਟਮਾਰਟਮ ਦੌਰਾਨ ਮਿਲਿਆ ਡੀਐਨਏ ਲਗਪਗ 21 ਸਾਲਾਂ ਤੱਕ ਸੁਰੱਖਿਅਤ ਰੱਖਿਆ ਗਿਆ। ਇਸ ਤੋਂ ਬਾਅਦ ਖੋਜ ਟੀਮ ਨੇ ਕਿਸੇ ਤਰ੍ਹਾਂ ਰਾਬਰਟ ਦੇ ਥੁੱਕ ਦੇ ਚਿਊਇੰਗ ਗਮ ਦਾ ਸੈਂਪਲ ਲਿਆ ਤੇ ਜਾਂਚ 'ਚ ਇਸ ਦੀ ਵਰਤੋਂ ਕੀਤੀ। ਕ੍ਰਾਈਮ ਲੈਬ ਵਿੱਚ ਜਾਂਚ ਤੋਂ ਬਾਅਦ ਡੀਐਨਏ ਮੈਚ ਹੋ ਗਿਆ ਤੇ ਇਸ ਤਰ੍ਹਾਂ ਰਾਬਰਟ ਦਾ ਰਾਜ਼ ਬੇਨਕਾਬ ਹੋਇਆ।


ਜ਼ਿਲ੍ਹਾ ਅਟਾਰਨੀ ਨੇ ਕਿਹਾ ਕਿ 8 ਜੂਨ, 2021 ਨੂੰ ਰਾਬਰਟ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਮਲਟਨੋਮਾਹ ਕਾਉਂਟੀ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਸੀ। ਫਿਲਹਾਲ ਰਾਬਰਟ ਪੁਲਿਸ ਹਿਰਾਸਤ 'ਚ ਹੈ ਤੇ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਜੂਨ 'ਚ ਹੋਵੇਗੀ।