ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਵਿੱਚ ਬਿਜਲੀ ਸੰਕਟ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਬੰਦ ਪਏ ਬਿਜਲੀ ਪਲਾਂਟਾਂ ਨੂੰ ਮੁੜ ਖੋਲ੍ਹਣ ਦੇ ਹੁਕਮ ਦਿੱਤੇ ਹਨ। ਬਿਜਲੀ ਸੰਕਟ ਕਾਰਨ ਕਈ ਥਾਵਾਂ ’ਤੇ 16 ਘੰਟੇ ਤੱਕ ਦਾ ਬਿਜਲੀ ਕੱਟ ਲੱਗਿਆ ਹੋਇਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ। ਪਾਕਿਸਤਾਨ ਵਿੱਚ ਬਿਜਲੀ ਦੀ ਕਿੱਲਤ 7,787 ਮੈਗਾਵਾਟ ਤੱਕ ਪਹੁੰਚ ਗਈ ਹੈ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ 16-16 ਘੰਟੇ ਬਿਜਲੀ ਕੱਟ ਲੱਗ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਬਿਜਲੀ ਉਤਪਾਦਨ 21,213 ਮੈਗਾਵਾਟ ਹੈ ਜਦੋਂ ਕਿ ਕੁੱਲ ਮੰਗ 29,000 ਮੈਗਾਵਾਟ ਹੈ।
ਅਪ੍ਰੈਲ 'ਚ ਅਧਿਕਾਰੀਆਂ ਨੇ ਸ਼ਰੀਫ ਨੂੰ ਦੱਸਿਆ ਸੀ ਕਿ ਦੇਸ਼ 'ਚ 18 ਪਾਵਰ ਪਲਾਂਟ ਪਿਛਲੇ ਇਕ ਸਾਲ ਤੋਂ ਬੰਦ ਹਨ। ਬਿਜਲੀ ਦੀਆਂ ਵਧਦੀਆਂ ਕੀਮਤਾਂ ਅਤੇ ਬਿਜਲੀ ਦੀ ਕਟੌਤੀ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਜਨਤਾ ਦੇ ਅਸੰਤੋਸ਼ ਦਾ ਕਾਰਨ ਰਹੀ ਹੈ। ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਸਰਕਾਰ ਦੌਰਾਨ ਵਿਰੋਧੀ ਧਿਰ ਇਸ ਮੁੱਦੇ 'ਤੇ ਇਮਰਾਨ ਖਾਨ ਨੂੰ ਨਿਸ਼ਾਨਾ ਬਣਾਉਂਦੀ ਸੀ, ਹੁਣ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਇਮਰਾਨ ਖਾਨ ਬਿਜਲੀ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਮੌਜੂਦਾ ਸ਼ਾਹਬਾਜ਼ ਸ਼ਰੀਫ ਨੂੰ ਘੇਰ ਰਹੇ ਹਨ।
ਪਾਕਿਸਤਾਨ ਵਿੱਚ ਮਾੜੇ ਪ੍ਰਬੰਧਾਂ ਕਾਰਨ ਬਿਜਲੀ ਪ੍ਰਣਾਲੀ ਡਾਵਾਂਡੋਲ ਹੋ ਗਈ ਹੈ। ਇਸ ਦਾ ਇੱਕ ਵੱਡਾ ਕਾਰਨ ਬਿਜਲੀ ਦਫ਼ਤਰਾਂ ਵਿੱਚ ਬਿਜਲੀ ਦੀ ਚੋਰੀ ਅਤੇ ਸਿਆਸੀ ਨਿਯੁਕਤੀਆਂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਅਫਗਾਨਿਸਤਾਨ ਤੋਂ ਕੋਲਾ ਦਰਾਮਦ ਕੀਤਾ ਜਾਵੇਗਾ। ਪਰ ਇਸ ਲਈ ਵੱਡੇ ਵਿੱਤੀ ਖਰਚੇ ਦੀ ਲੋੜ ਹੋਵੇਗੀ। ਇਸ ਲਈ ਪ੍ਰਤੀ ਹਫ਼ਤੇ ਲਗਭਗ 25 ਮਿਲੀਅਨ ਦੇ ਸਰਕਾਰੀ ਖਰਚੇ ਦੀ ਲੋੜ ਪਵੇਗੀ, ਜੋ ਕਿ ਆਯਾਤ ਕੀਤੇ ਕੋਲਾ ਪਲਾਂਟਾਂ ਦੇ ਕਰਜ਼ੇ ਦਾ ਭੁਗਤਾਨ ਕਰਨ ਲਈ ਲੋੜੀਂਦੇ $51 ਮਿਲੀਅਨ ਤੋਂ ਵੱਖਰਾ ਹੋਵੇਗਾ।
ਇੱਕ ਪਾਸੇ, ਸੀਪੀਏਸੀ ਸਮਝੌਤੇ ਤਹਿਤ ਪਾਕਿਸਤਾਨ ਵਿੱਚ ਚੀਨ ਦੇ ਬਿਜਲੀ ਪ੍ਰਾਜੈਕਟ ਪੂਰੇ ਨਹੀਂ ਹੋਏ ਹਨ, ਦੂਜੇ ਪਾਸੇ, ਆਰਥਿਕਤਾ ਨੂੰ IMF ਦੀਆਂ ਬੈਸਾਖੀਆਂ ਦੇਣ ਲਈ ਪਾਕਿਸਤਾਨ ਲਈ IMF ਦੀਆਂ ਸ਼ਰਤਾਂ ਨੂੰ ਮੰਨਣਾ ਜ਼ਰੂਰੀ ਹੋ ਗਿਆ ਹੈ, ਜਿਸ ਵਿੱਚ ਬਿਜਲੀ ਦੀਆਂ ਕੀਮਤਾਂ ਦਾ ਵਾਧਾ ਵੀ ਸ਼ਾਮਲ ਹੈ।