ਚੰਡੀਗੜ੍ਹ: ਕਾਂਗਰਸ ਅਤੇ ਭਾਜਪਾ (Congress & BJP) ਨੂੰ ਪਛਾੜਦੇ ਹੋਏ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ (Arvind Kejriwal) ਦੀ ਆਮ ਆਦਮੀ ਪਾਰਟੀ (AAP) ਨੇ ਵੱਡੀ ਜਿੱਤ ਦਰਜ ਕੀਤੀ ਹੈ। ਹਾਲਾਂਕਿ ਐਗਜ਼ਿਟ ਪੋਲ 'ਚ ਵੀ 'ਆਪ' ਦੇ ਚੰਗੇ ਪ੍ਰਦਰਸ਼ਨ ਦੀ ਗੱਲ ਕੀਤੀ ਗਈ ਸੀ ਪਰ ਕਿਸੇ ਨੂੰ ਉਮੀਦ ਨਹੀਂ ਸੀ ਕਿ ਪਾਰਟੀ ਆਸਾਨੀ ਨਾਲ ਬਹੁਮਤ ਦਾ ਅੰਕੜਾ ਹਾਸਿਲ ਕਰ ਲਵੇਗੀ। ਵੈਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਸਕੀ (Volodymyr Zelenskyy) ਵੀ ਪੰਜਾਬ ਵਿੱਚ ‘ਆਪ’ ਦੀ ਇਸ ਜਿੱਤ ਨੂੰ ਲੈ ਕੇ ਟਰੈਂਡ ਕਰ ਰਹੇ ਹਨ। ਭਾਵੇਂ ਹੀ ਜ਼ੇਲੇਨਸਕੀ ਦਾ ‘ਆਪ’ ਨਾਲ ਕੋਈ ਸਿੱਧਾ ਸਬੰਧ ਨਾ ਹੋਵੇ ਪਰ ਨਤੀਜੇ ਪਾਰਟੀ ਦੇ ਹੱਕ ਵਿੱਚ ਆਉਣ ਤੋਂ ਬਾਅਦ ਉਹ ਟਰੈਂਡ ਕਰਨ ਲੱਗੇ ਹਨ।


ਦਰਅਸਲ, ਸੋਸ਼ਲ ਮੀਡੀਆ ਯੂਜ਼ਰਜ਼ ਆਮ ਆਦਮੀ ਪਾਰਟੀ (AAP) ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਤੁਲਨਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੇਲੇਨਸਕੀ ਨਾਲ ਕਰ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਜ਼ੇਲੈਂਸਕੀ  Volodymyr Zelenskyy) ਕਦੇ ਭਗਵੰਤ ਮਾਨ ਵਾਂਗ ਕਾਮੇਡੀਅਨ ਸੀ। ਜ਼ੇਲੇਂਸਕੀ ਯੂਕਰੇਨ ਦੇ ਮਸ਼ਹੂਰ ਕਾਮੇਡੀ ਸ਼ੋਅ ਕੇਵੀਐਨ (KVN)  ਵਿੱਚ ਪ੍ਰਫੋਮਸ ਕਰਦੇ ਸੀ। ਉਹ 2003 ਤੱਕ ਇਸ ਸ਼ੋਅ ਨਾਲ ਜੁੜੇ ਰਹੇ। ਇੰਨਾ ਹੀ ਨਹੀਂ ਉਨ੍ਹਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ।

ਕਈ ਕਾਮੇਡੀ ਸ਼ੋਅਜ਼ 'ਚ ਕੀਤਾ ਕੰਮ
ਇਸ ਦੇ ਨਾਲ ਹੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਨੈਸ਼ਨਲ ਟੈਲੀਵਿਜ਼ਨ ਸਮੇਤ ਕਈ ਪੰਜਾਬੀ ਕਾਮੇਡੀ ਸ਼ੋਅਜ਼ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਸ਼ੋਅ 'ਜੁਗਨੂੰ ਹਾਜਿਰ ਹੈ ' ਕਾਫ਼ੀ ਮਸ਼ਹੂਰ ਹੋਇਆ ਸੀ। ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਚੁਣਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਦੇ 'ਜਨਤਾ ਚੁਣੇਗੀ ਆਪਣਾ ਸੀਐਮ' ਪ੍ਰੋਗਰਾਮ ਰਾਹੀਂ ਮਾਨ ਨੂੰ ਚੁਣਿਆ ਹੈ। ਲੋਕਾਂ ਨੇ ਫੋਨ ਕਾਲਾਂ, ਐਸਐਮਐਸ ਅਤੇ ਵਟਸਐਪ ਸੰਦੇਸ਼ਾਂ ਰਾਹੀਂ ਮਾਨ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ।
 
ਆਪ ਦੇ ਲਈ ਚੰਗੇ ਸੰਕੇਤ
ਇਸ ਚੋਣ ਤੋਂ ਪਹਿਲਾਂ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਿੱਲੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਹੁਣ ਕਿਸੇ ਹੋਰ ਸੂਬੇ ਵਿੱਚ ਪਾਰਟੀ ਦੀ ਸਰਕਾਰ ਬਣ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਨਤੀਜੇ ਇਸ ਗੱਲ ਦਾ ਸੰਕੇਤ ਹਨ ਕਿ ‘ਆਪ’ ਆਉਣ ਵਾਲੇ ਸਮੇਂ ਵਿੱਚ ਕੌਮੀ ਪੱਧਰ ’ਤੇ ਆਪਣੀ ਮਜ਼ਬੂਤ ਮੌਜੂਦਗੀ ਬਣਾ ਸਕਦੀ ਹੈ। ਸੰਭਵ ਹੈ ਕਿ ਇਸ ਜਿੱਤ ਤੋਂ ਉਤਸ਼ਾਹਿਤ ਕੇਜਰੀਵਾਲ ਦੂਜੇ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ।

ਦੱਸ ਦੇਈਏ ਕਿ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸੀ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਚੁੱਕੀ ਹੈ, ਜਦਕਿ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ। ਕਾਂਗਰਸ ਸਿਰਫ਼ 18 ਸੀਟਾਂ ਹੀ ਜਿੱਤਣ 'ਚ ਕਾਮਯਾਬ ਰਹੀ, ਜਦਕਿ ਅਕਾਲੀ -ਬਸਪਾ ਗਠਜੋੜ ਨੂੰ 4 ਸੀਟਾਂ ਅਤੇ ਭਾਜਪਾ ਨੂੰ  2 ਸੀਟਾਂ ਮਿਲੀਆਂ ਹਨ। ਇਸ ਦੇ ਇਲਾਵਾ 1 ਸੀਟ ਹੋਰ ਦੇ ਹਿੱਸੇ ਆਈ ਹੈ।