ਰੋਮ: ਬੀਤੇ ਸੋਮਵਾਰ ਦੁਪਹਿਰ ਤਕਰੀਬਨ 12 ਕੁ ਵਜੇ ਇਟਲੀ ਦੇ ਵਿਰੋਨਾ ਸ਼ਹਿਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਲਵਦੀਪ ਸਿੰਘ (35) ਵਜੋਂ ਹੋਈ ਹੈ। ਮ੍ਰਿਤਕ ਜਲੰਧਰ ਦੇ ਪਿੰਡ ਬੇਗੋਵਾਲ ਤੋਂ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਪੱਕੇ ਤੌਰ ’ਤੇ ਇਟਲੀ ਵਿੱਚ ਰਹਿ ਰਿਹਾ ਸੀ।

ਘਟਨਾ ਉਦੋਂ ਵਾਪਰੀ ਜਦ ਲਵਦੀਪ ਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਵਿਰੋਨਾ ਨੇੜਲੇ ਕਾਦਾਈਵਦੇ ਸ਼ਹਿਰ ਦੀ ਸੜਕ ’ਤੇ ਤੇਜ਼ ਰਫ਼ਤਾਰ ਕਾਰ ਨਾਲ ਉਸ ਦੀ ਟੱਕਰ ਹੋ ਗਈ। ਕਾਰ ਨੂੰ ਸਥਾਨਕ ਮੂਲ ਨਿਵਾਸੀ ਮੁਟਿਆਰ ਚਲਾ ਰਹੀ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ ਮੌਕੇ ’ਤੇ ਪੁੱਜੀ। ਪਰ ਗੰਭੀਰ ਜ਼ਖ਼ਮੀ ਹੋਣ ਕਾਰਨ ਡਾਕਟਰਾਂ ਦੀ ਟੀਮ ਉਸ ਨੂੰ ਬਚਾ ਨਹੀਂ ਸਕੀ। ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਲੋੜੀਂਦੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਕਾਰਵਾਈ ਕੀਤੀ ਜਾ ਰਹੀ ਹੈ।