Russia Ukraine War: ਰੂਸ ਨੇ ਦੱਖਣੀ ਯੂਕਰੇਨ ਦੀ ਖੇਤਰੀ ਰਾਜਧਾਨੀ ਖੇਰਸਨ (Kherson) ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ, ਜਿਸ 'ਤੇ ਰੂਸ ਨੇ ਯੁੱਧ ਦੀ ਸ਼ੁਰੂਆਤ 'ਚ ਕਬਜ਼ਾ ਕਰ ਲਿਆ ਸੀ। ਅਮਰੀਕੀ ਫ਼ੌਜ ਦੇ ਜਨਰਲ ਮਾਰਕ ਮਿਲੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਦੋਵਾਂ ਦੇਸ਼ਾਂ ਲਈ ਸ਼ਾਂਤੀ ਵਾਰਤਾ ਦਾ ਮੌਕਾ ਪ੍ਰਦਾਨ ਕਰ ਸਕਦਾ ਹੈ। ਜੰਗ 'ਚ 40,000 ਯੂਕਰੇਨੀ ਨਾਗਰਿਕ ਅਤੇ 1,00,000 ਤੋਂ ਵੱਧ ਰੂਸੀ ਫ਼ੌਜੀ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਹ ਯੁੱਧ ਨੂੰ ਖ਼ਤਮ ਕਰਨ ਲਈ ਰੂਸ ਨਾਲ ਸ਼ਾਂਤੀ ਵਾਰਤਾ ਲਈ ਤਿਆਰ ਹਨ, ਪਰ ਸਿਰਫ਼ ਇਸ ਸ਼ਰਤ 'ਤੇ ਕਿ ਰੂਸ ਯੂਕਰੇਨ ਦੇ ਕਬਜ਼ੇ ਵਾਲੇ ਸਾਰੇ ਇਲਾਕਿਆਂ ਨੂੰ ਵਾਪਸ ਕਰ ਦੇਵੇ, ਜੰਗ ਦੇ ਨੁਕਸਾਨ ਲਈ ਮੁਆਵਜ਼ਾ ਦੇਵੇ ਅਤੇ ਜੰਗ ਅਪਰਾਧਾਂ ਲਈ ਮੁਕੱਦਮਿਆਂ ਦਾ ਸਾਹਮਣਾ ਕਰੇ।
'ਰੂਸ ਗੱਲਬਾਤ ਲਈ ਤਿਆਰ'
ਦੂਜੇ ਪਾਸੇ ਰੂਸ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹੈ ਅਤੇ ਇਸ ਹਫ਼ਤੇ ਐਲਾਨ ਕੀਤਾ ਹੈ ਕਿ ਉਸ ਨੇ ਖੇਰਸਨ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਜ਼ੇਲੇਂਸਕੀ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਅਨ ਪ੍ਰਾਇਦੀਪ ਦੇ ਗੇਟਵੇਅ, ਰਣਨੀਤਕ ਉਦਯੋਗਿਕ ਬੰਦਰਗਾਹ ਸ਼ਹਿਰ 'ਚ ਯੂਕਰੇਨੀ ਫ਼ੌਜ ਨੂੰ ਲੁਭਾਉਣ ਲਈ ਰੂਸ ਖੇਰਸਨ ਤੋਂ ਪਿੱਛੇ ਹਟਣ ਦਾ ਦਿਖਾਵਾ ਕਰ ਰਿਹਾ ਹੈ।
ਖੇਰਸਨ ਤੋਂ ਹਟਣ ਦਾ ਫੈਸਲਾ ਕਿਉਂ ਕੀਤਾ?
ਅਮਰੀਕਾ ਦੇ ਸਭ ਤੋਂ ਉੱਚੇ ਦਰਜੇ ਦੇ ਫ਼ੌਜ ਅਧਿਕਾਰੀ ਮਿਲੀ ਨੇ ਕਿਹਾ ਕਿ ਰੂਸ ਨੇ ਖੇਰਸਨ 'ਚ 20,000 ਤੋਂ 30,000 ਫੌਜੀ ਇਕੱਠੇ ਕੀਤੇ ਸਨ ਅਤੇ ਪੂਰੀ ਤਰ੍ਹਾਂ ਵਾਪਸੀ 'ਚ ਕਈ ਹਫ਼ਤੇ ਲੱਗ ਸਕਦੇ ਹਨ। ਉਨ੍ਹਾਂ ਕਿਹਾ, "ਇੱਥੇ ਸ਼ੁਰੂਆਤੀ ਸੰਕੇਤ ਹਨ ਕਿ ਉਹ ਅਸਲ 'ਚ ਅਜਿਹਾ ਕਰ ਰਹੇ ਹਨ। ਉਨ੍ਹਾਂ ਨੇ ਜਨਤਕ ਐਲਾਨ ਕੀਤਾ ਹੈ ਕਿ ਉਹ ਅਜਿਹਾ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਉਹ (ਨੀਪਰ) ਨਦੀ ਦੇ ਦੱਖਣ 'ਚ ਰੱਖਿਆਤਮਕ ਲਾਈਨਾਂ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"
ਜਨਰਲ ਮਾਰਕ ਮਿਲੀ ਨੇ ਕਿਹਾ ਕਿ ਇਹ ਸੰਭਵ ਹੈ ਕਿ ਰੂਸ ਆਪਣੇ ਫ਼ੌਜੀਆਂ ਨੂੰ ਹਮਲੇ ਲਈ ਮੁੜ ਸਥਾਪਿਤ ਕਰਨ ਲਈ ਪਿੱਛੇ ਹਟਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਪਰ ਇੱਥੇ "ਗੱਲਬਾਤ ਲਈ ਨਿਸ਼ਚਿਤ ਤੌਰ 'ਤੇ ਇੱਕ ਖਿੜਕੀ ਖੁੱਲ੍ਹੀ ਹੈ।" ਮਿਲੀ ਨੇ ਪਹਿਲੇ ਵਿਸ਼ਵ ਯੁੱਧ ਦੇ ਅੰਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੱਲਬਾਤ ਦਾ ਮੌਕਾ ਪਾਉਣ ਲਈ ਰੂਸ ਅਤੇ ਯੂਕਰੇਨ ਦੋਵਾਂ ਨੂੰ ਇੱਕ 'ਆਪਸੀ ਮਾਨਤਾ' ਤੱਕ ਪਹੁੰਚਣਾ ਪਏਗਾ ਕਿ ਇੱਕ ਫੌਜੀ ਜਿੱਤ 'ਸ਼ਾਇਦ ਫੌਜੀ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ' ਅਤੇ ਇਸ ਲਈ ਤੁਹਾਨੂੰ ਹੋਰ ਤਰੀਕਿਆਂ ਵੱਲ ਮੁੜਨ ਦੀ ਜ਼ਰੂਰਤ ਹੈ।"