ਪਾਲੋਂਗਖਾਲੀ: ਬੰਗਲਾਦੇਸ਼ ਸਰਕਾਰ ਹੁਣ ਸ਼ਰਨਾਰਥੀ ਰੋਹਿੰਗਿਆ ਮੁਸਲਮਾਨਾਂ ਦਰਮਿਆਨ ਇੱਛੁਕ ਨਸਬੰਦੀ ਪ੍ਰੋਗਰਾਮ ਚਲਾਉਣ 'ਤੇ ਵਿਚਾਰ ਕਰ ਰਹੀ ਹੈ। ਅਜਿਹਾ ਸ਼ਰਨਾਰਥੀਆਂ ਦੀ ਤੇਜ਼ੀ ਨਾਲ ਵੱਧਦੀ ਆਬਾਦੀ ਅਤੇ ਉਨ੍ਹਾਂ ਲਈ ਘੱਟ ਪੈਂਦੇ ਸਥਾਨ ਨੂੰ ਵੇਖਦੇ ਹੋਏ ਕੀਤਾ ਜਾਵੇਗਾ।
ਬੰਗਲਾਦੇਸ਼ 'ਚ ਇਸ ਸਮੇਂ ਕਰੀਬ ਦਸ ਲੱਖ ਰੋਹਿੰਗਿਆ ਮੁਸਲਮਾਨ ਸ਼ਰਨਾਰਥੀ ਹਨ। ਇਨ੍ਹਾਂ 'ਚੋਂ ਛੇ ਲੱਖ 25 ਅਗਸਤ ਦੇ ਬਾਅਦ ਭੜਕੀ ਹਿੰਸਾ ਕਾਰਨ ਮਿਆਂਮਾਰ ਤੋਂ ਆਏ ਹਨ। ਇਨ੍ਹਾਂ ਸ਼ਰਨਾਰਥੀਆਂ ਦੀ ਵਾਪਸੀ ਦੀ ਫਿਲਹਾਲ ਕੋਈ ਸੂਰਤ ਨਹੀਂ ਬਣ ਰਹੀ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਇਨ੍ਹਾਂ ਸ਼ਰਨਾਰਥੀਆਂ ਦੇ ਹਰ ਰੋਜ਼ ਇਕ ਹਜ਼ਾਰ ਤੋਂ ਵੱਧ ਬੱਚੇ ਪੈਦਾ ਹੋ ਰਹੇ ਹਨ। ਇਸ ਨਾਲ ਉਨ੍ਹਾਂ ਦੇ ਰਹਿਣ ਦੀ ਥਾਂ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਸਮੱਸਿਆ ਵੱਧਦੀ ਜਾ ਰਹੀ ਹੈ। ੨੫ ਅਗਸਤ ਦੇ ਬਾਅਦ ਆਈਆਂ 20 ਹਜ਼ਾਰ ਤੋਂ ਵੱਧ ਔਰਤਾਂ ਗਰਭਵਤੀ ਹਨ। ਬੰਗਲਾਦੇਸ਼ ਸਰਕਾਰ ਨੇ ਇਨ੍ਹਾਂ ਨੂੰ ਕੰਡੋਮ ਵੰਡ ਕੇ ਆਬਾਦੀ ਕੰਟਰੋਲ ਦੀ ਕੋਸ਼ਿਸ਼ ਕਰਨੀ ਚਾਹੀ ਪਰ ਇਸ ਵਿਚ ਕਾਮਯਾਬੀ ਨਹੀਂ ਮਿਲ ਰਹੀ।
ਸਿਹਤ ਵਿਭਾਗ ਨੇ ਪਾਇਆ ਹੈ ਕਿ ਭੱਜ ਕੇ ਆਏ ਬਹੁਤ ਸਾਰੇ ਮਰਦ ਸ਼ਰਨਾਰਥੀਆਂ ਦੀਆਂ ਇਕ ਤੋਂ ਜ਼ਿਆਦਾ ਪਤਨੀਆਂ ਹਨ ਅਤੇ ਉਨ੍ਹਾਂ ਦੇ ਕਈ-ਕਈ ਬੱਚੇ ਹਨ। ਅਜਿਹੇ ਇਕ ਪਰਿਵਾਰ 'ਚ ੧੯ ਨਾਬਾਲਿਗ ਬੱਚੇ ਪਾਏ ਗਏ ਹਨ। ਇਕ ਹੋਰ ਪਰਿਵਾਰ 'ਚ ਸੱਤ ਬੱਚਿਆਂ ਦੀ ਮਾਂ ਸਾਬੁਰਾ ਦੱਸਦੀ ਹੈ ਕਿ ਉਸ ਦਾ ਸ਼ੌਹਰ ਵੱਡਾ ਪਰਿਵਾਰ ਚਾਹੁੰਦਾ ਹੈ। ਇਸ ਲਈ ਕਹਿਣ 'ਤੇ ਵੀ ਪਰਿਵਾਰ ਕੰਟਰੋਲ ਦੇ ਉਪਾਵਾਂ ਨੂੰ ਨਹੀਂ ਅਪਣਾਉਂਦਾ।