ਇਸ ਸਮੇਂ ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਇਸ ਦੌਰਾਨ ਅਮਰੀਕੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਰੂਸ ਦਾ ਮੁਕਾਬਲਾ ਕਰਨ ਲਈ ਯੂਕਰੇਨ ਨੂੰ ਲੜਾਕੂ ਜਹਾਜ਼ ਦਿੱਤੇ ਜਾਣਗੇ। ਰਿਪੋਰਟ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਅਮਰੀਕਾ ਅਤੇ ਪੋਲੈਂਡ ਵਿਚਾਲੇ ਡੀਲ ਹੋ ਚੁੱਕੀ ਹੈ। ਇਹ ਸਾਰੇ ਜਹਾਜ਼ ਸੋਵੀਅਤ ਦੌਰ ਦੇ ਹੋਣਗੇ ਅਤੇ ਪੋਲੈਂਡ ਰਾਹੀਂ ਯੂਕਰੇਨ ਨੂੰ ਦਿੱਤੇ ਜਾਣਗੇ। ਇਸ ਨਾਲ ਯੂਕਰੇਨ ਰੂਸੀ ਫੌਜ ਦਾ ਡਟ ਕੇ ਮੁਕਾਬਲਾ ਕਰ ਸਕੇਗਾ ਅਤੇ ਆਪਣੀ ਰਾਜਧਾਨੀ ਕੀਵ ਦੀ ਸੁਰੱਖਿਆ ਕਰ ਸਕੇਗਾ। ਹਾਲਾਂਕਿ ਅਧਿਕਾਰਤ ਤੌਰ 'ਤੇ ਅਮਰੀਕਾ ਜਾਂ ਪੋਲੈਂਡ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੋਲੈਂਡ ਯੂਕਰੇਨ ਨੂੰ ਸੋਵੀਅਤ ਦੌਰ ਦੇ ਲੜਾਕੂ ਜਹਾਜ਼ ਦੇਵੇਗਾ। ਇਸ ਦੇ ਬਦਲੇ ਅਮਰੀਕਾ ਪੋਲੈਂਡ ਨੂੰ ਐੱਫ-16 ਲੜਾਕੂ ਜਹਾਜ਼ ਦੇਵੇਗਾ। ਰੂਸ ਨੇ 11 ਦਿਨ ਪਹਿਲਾਂ ਯੂਕਰੇਨ 'ਤੇ ਹਮਲੇ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਾਲੇ ਲਗਾਤਾਰ ਜੰਗ ਚੱਲ ਰਹੀ ਹੈ। ਇਸ ਜੰਗ 'ਚ ਦੋਵਾਂ ਦੇਸ਼ਾਂ ਦੇ ਸੈਂਕੜੇ ਸੈਨਿਕ ਮਾਰੇ ਜਾ ਚੁੱਕੇ ਹਨ ਅਤੇ ਯੂਕਰੇਨ ਦੇ ਕਈ ਨਾਗਰਿਕ ਵੀ ਆਪਣੀ ਜਾਨ ਗੁਆ ਚੁੱਕੇ ਹਨ। ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਨੂੰ ਹਥਿਆਰਾਂ ਸਮੇਤ ਹਰ ਤਰ੍ਹਾਂ ਦੀ ਮਦਦ ਲਗਾਤਾਰ ਦਿੱਤੀ ਜਾ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਲਗਾਤਾਰ ਪੱਛਮੀ ਦੇਸ਼ਾਂ ਨੂੰ ਮਦਦ ਦੀ ਅਪੀਲ ਕਰ ਰਹੇ ਹਨ।
ਪਿਛਲੇ ਦਿਨੀਂ ਉਨ੍ਹਾਂ ਨੇ ਨਾਟੋ ਤੋਂ ਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਦੀ ਮੰਗ ਕੀਤੀ ਸੀ ਪਰ ਜ਼ੇਲੇਨਸਕੀ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਸਮੇਤ ਸਾਰੇ ਪੱਛਮੀ ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਕੀਤੀ ਅਤੇ ਫੌਜੀ ਮਦਦ ਮੰਗੀ। ਯੂਕਰੇਨ ਦੇ ਨੇਤਾ ਨੇ ਸ਼ਨੀਵਾਰ ਨੂੰ ਵੀਡੀਓ ਕਾਲ ਰਾਹੀਂ ਅਮਰੀਕੀ ਸੰਸਦ ਮੈਂਬਰਾਂ ਨੂੰ ਸੰਬੋਧਿਤ ਕੀਤਾ ਸੀ ਅਤੇ ਰੂਸੀ ਤੇਲ ਦੀ ਦਰਾਮਦ ਅਤੇ ਫੰਡਿੰਗ 'ਤੇ ਪਾਬੰਦੀਆਂ ਦੀ ਮੰਗ ਕੀਤੀ ਸੀ। ਵ੍ਹਾਈਟ ਹਾਊਸ ਦੇ ਸੂਤਰਾਂ ਮੁਤਾਬਕ ਯੂਕਰੇਨ ਨੂੰ ਫੌਜੀ ਮਦਦ ਦੇਣ ਦੇ ਮੁੱਦੇ 'ਤੇ ਨਾਟੋ ਸਹਿਯੋਗੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ।