Russian Victory: ਰੂਸ ਨੇ ਸ਼ੁੱਕਰਵਾਰ ਨੂੰ ਮਾਰੀਉਪੋਲ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ, ਜੋ ਕਿ ਯੁੱਧ 'ਚ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੋ ਸਕਦੀ ਹੈ। ਕਰੀਬ ਤਿੰਨ ਮਹੀਨਿਆਂ ਤੋਂ ਰੂਸੀ ਸੈਨਿਕਾਂ ਦੀ ਘੇਰਾਬੰਦੀ ਹੇਠ ਬੰਦਰਗਾਹ ਵਾਲਾ ਸ਼ਹਿਰ ਹੁਣ ਮਲਬੇ ਦੇ ਢੇਰ ਵਿੱਚ ਬਦਲ ਗਿਆ ਹੈ ਅਤੇ 20,000 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਾਰੀਉਪੋਲ ਵਿੱਚ ਅਜੋਵਸਟਲ ਸਟੀਲ ਪਲਾਂਟ ਅਤੇ ਪੂਰੇ ਸ਼ਹਿਰ ਨੂੰ ਪੂਰੀ ਤਰ੍ਹਾਂ ਮੁਕਤ ਕਰਨ ਬਾਰੇ ਜਾਣਕਾਰੀ ਦਿੱਤੀ। ਇਹ ਸਟੀਲ ਪਲਾਂਟ ਯੂਕਰੇਨੀ ਵਿਰੋਧ ਦਾ ਪ੍ਰਤੀਕ ਬਣ ਗਿਆ ਸੀ। 



ਯੂਕਰੇਨ ਨੇ ਨਹੀਂ ਕੀਤੀ ਪੁਸ਼ਟੀ 
ਯੂਕਰੇਨ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਪਲਾਂਟ ਵਿਚ ਲੁਕੇ ਹੋਏ ਕੁੱਲ 2,439 ਯੂਕਰੇਨੀ ਲੜਾਕਿਆਂ ਨੇ ਸੋਮਵਾਰ ਤੋਂ ਲੈ ਕੇ ਹੁਣ ਤੱਕ ਆਤਮ ਸਮਰਪਣ ਕਰ ਦਿੱਤਾ ਹੈ, ਜਿਨ੍ਹਾਂ ਵਿਚੋਂ ਸ਼ੁੱਕਰਵਾਰ ਨੂੰ 500 ਤੋਂ ਵੱਧ ਹਨ। ਆਤਮ ਸਮਰਪਣ ਕਰਨ 'ਤੇ, ਸੈਨਿਕਾਂ ਨੂੰ ਰੂਸ ਵੱਲੋਂ ਬੰਦੀ ਬਣਾ ਲਿਆ ਗਿਆ ਅਤੇ ਕੁਝ ਨੂੰ ਦੂਰ-ਦੁਰਾਡੇ ਸਥਾਨਾਂ 'ਤੇ ਲਿਜਾਇਆ ਗਿਆ।


ਮਾਰੀਉਪੋਲ 'ਤੇ ਕਬਜ਼ਾ ਅਤੇ ਰੂਸ
ਰੂਸੀ ਅਧਿਕਾਰੀਆਂ ਨੇ ਸਟੀਲ ਪਲਾਂਟ ਵਿੱਚ ਲੁਕੇ ਹੋਏ ਕੁਝ ਲੜਾਕਿਆਂ ਨੂੰ ਨਾਜ਼ੀਆਂ ਅਤੇ ਅਪਰਾਧੀ ਦੱਸਦਿਆਂ ਜੰਗੀ ਅਪਰਾਧਾਂ ਲਈ ਮੁਕੱਦਮਾ ਚਲਾਉਣ ਦੀ ਧਮਕੀ ਦਿੱਤੀ ਹੈ। ਫੌਜੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਾਰੀਉਪੋਲ ਨੂੰ ਕਬਜ਼ੇ 'ਚੇ ਲੈਣਾ ਇਸ ਸਮੇਂ ਸੰਕੇਤਕ ਰੂਪ 'ਚ ਬਹੁਤ ਮਹੱਤਵਪੂਰਨ ਹੈ। ਸ਼ੁੱਕਰਵਾਰ ਨੂੰ ਹੋਰ ਘਟਨਾਕ੍ਰਮ ਵਿੱਚ, ਪੱਛਮੀ ਦੇਸ਼ਾਂ ਨੇ ਯੂਕਰੇਨ ਨੂੰ ਅਰਬਾਂ ਰੁਪਏ ਦੀ ਹੋਰ ਵਿੱਤੀ ਸਹਾਇਤਾ ਦਿੱਤੀ ਅਤੇ ਡੌਨਬਾਸ ਵਿੱਚ ਲੜਾਈ ਤੇਜ਼ ਹੋ ਗਈ ਹੈ।



ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਬਲਾਂ ਨੇ ਲੁਹਾਂਸਕ ਖੇਤਰ ਦੇ ਇੱਕ ਪ੍ਰਮੁੱਖ ਸ਼ਹਿਰ 'ਤੇ ਹਮਲਾ ਕੀਤਾ ਅਤੇ ਇੱਕ ਮੁੱਖ ਮਾਰਗ 'ਤੇ ਬੰਬ ਸੁੱਟਿਆ। ਸਕੂਲ 'ਤੇ ਵੀ ਹਮਲਾ ਕੀਤਾ ਗਿਆ। ਇਹ ਖੇਤਰ ਡੋਨਬਾਸ ਦਾ ਹੀ ਹਿੱਸਾ ਹੈ।