Russia-Ukraine Conflict: ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਦੂਜਾ ਦਿਨ ਹੈ। ਮਿਜ਼ਾਈਲ ਤੇ ਬੰਬ ਧਮਾਕਿਆਂ ਵਿੱਚ ਹੁਣ ਤੱਕ ਯੂਕਰੇਨ ਦੇ 137 ਲੋਕ ਮਾਰੇ ਜਾ ਚੁੱਕੇ ਹਨ। ਰੂਸ ਦੇ ਕਈ ਜਹਾਜ਼ ਵੀ ਤਬਾਹ ਹੋ ਗਏ ਹਨ। ਯੁੱਧ ਦੌਰਾਨ ਯੂਕਰੇਨ ਨੇ ਦਾਅਵਾ ਕੀਤਾ ਕਿ ਉਸ ਨੇ 800 ਰੂਸੀ ਸੈਨਿਕ, 7 ਹਵਾਈ ਜਹਾਜ਼, 6 ਹੈਲੀਕਾਪਟਰ ਤੇ 130 ਬਖਤਰਬੰਦ ਵਾਹਨਾਂ ਨੂੰ ਤਬਾਹ ਕਰ ਦਿੱਤਾ। ਦੂਜੇ ਪਾਸੇ ਰੂਸ ਵੀ ਯੂਕਰੇਨ ਦੇ 83 ਫੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕਰ ਰਿਹਾ ਹੈ।
ਇਸ ਦੌਰਾਨ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦੀ ਕਵਾਇਦ ਲਗਾਤਾਰ ਜਾਰੀ ਹੈ। ਸੀਸੀਐਸ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕਰੀਬ 20 ਮਿੰਟ ਤੱਕ ਫ਼ੋਨ 'ਤੇ ਗੱਲ ਕੀਤੀ। ਜੰਗ ਨੂੰ ਰੋਕਣ ਤੇ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣ ਦੀ ਅਪੀਲ ਕਰਨ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਬਾਰੇ ਵੀ ਚਰਚਾ ਹੋਈ। ਫਿਲਹਾਲ ਭਾਰਤੀ ਵਿਦਿਆਰਥੀਆਂ ਨੇ ਆਪਣੀ ਜਾਨ ਬਚਾਉਣ ਲਈ ਬੇਸਮੈਂਟ ਤੇ ਸ਼ੈਲਟਰਾਂ ਵਿੱਚ ਸ਼ਰਨ ਲਈ ਹੈ।
ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੀ ਕੀ ਯੋਜਨਾ
ਵੀਰਵਾਰ ਦੇਰ ਸ਼ਾਮ ਪੀਐਮ ਮੋਦੀ ਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਹੋਈ ਗੱਲਬਾਤ ਦਾ ਪਾਜ਼ੇਟਿਵ ਨਤੀਜਾ ਇਹ ਨਿਕਲਿਆ ਹੈ ਕਿ ਪੁਤਿਨ ਪ੍ਰਸ਼ਾਸਨ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿੱਚ ਮਦਦ ਕਰੇਗਾ। ਭਾਰਤ ਸਰਕਾਰ ਨੇ ਵੀ ਆਪਣੇ ਤਰੀਕੇ ਨਾਲ ਵਿਦਿਆਰਥੀਆਂ ਦੇ ਬਚਾਅ ਕਾਰਜ ਵਿੱਚ ਜੁਟੀ ਹੋਈ ਹੈ। ਇਸ ਦੇ ਲਈ ਸਰਕਾਰ ਨੇ ਪਲਾਨ ਬੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੀਐਮ ਮੋਦੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵੀ ਹੋਈ, ਜਿਸ ਤੋਂ ਬਾਅਦ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਯੂਕਰੇਨ ਤੋਂ ਵਿਦਿਆਰਥੀਆਂ ਦੀ ਵਾਪਸੀ ਦੀ ਯੋਜਨਾ ਤਿਆਰ ਹੈ। ਉਨ੍ਹਾਂ ਦੱਸਿਆ ਕਿ ਜੇਕਰ ਤੁਸੀਂ ਸੜਕ ਰਾਹੀਂ ਯੂਕਰੇਨ ਤੋਂ ਪੋਲੈਂਡ ਜਾਣਾ ਚਾਹੁੰਦੇ ਹੋ ਤਾਂ ਇਹ 9 ਘੰਟੇ ਦਾ ਰਸਤਾ ਹੈ ਤੇ ਵਿਆਨਾ ਤੱਕ 12 ਘੰਟੇ ਦਾ ਰਸਤਾ ਹੈ, ਉਸ ਰੂਟ ਨੂੰ ਵੀ ਮੈਪ ਕੀਤਾ ਗਿਆ ਹੈ। ਮੈਂ ਰਸਤੇ ਵਿੱਚ ਲਵੀਵ, ਚੇਰਨੀਵਤਸੀ ਵਰਗੇ ਨੁਕਤਿਆਂ ਦਾ ਜ਼ਿਕਰ ਕੀਤਾ ਸੀ, ਅਸੀਂ ਉੱਥੇ ਆਪਣੀਆਂ ਟੀਮਾਂ ਵੀ ਭੇਜੀਆਂ ਹਨ ਤਾਂ ਜੋ ਅਸੀਂ ਉਥੋਂ ਆਪਣੇ ਨਾਗਰਿਕਾਂ ਨੂੰ ਜੋ ਵੀ ਮਦਦ ਦੇ ਸਕਦੇ ਹਾਂ ਦੇ ਸਕੀਏ।