ਕੀਵ : ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਕਈ ਇਲਾਕਿਆਂ ਵਿੱਚ ਤਾਬੜਤੋੜ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸੀ ਕਿ ਰੂਸੀ ਫੌਜ ਮਾਰੂ ਹਥਿਆਰਾਂ ਨਾਲ ਕੀਵ ਵੱਲ ਵੱਧ ਰਹੀ ਹੈ। ਰੂਸੀ ਕਾਫ਼ਲੇ ਵਿੱਚ ਦਰਜਨਾਂ ਬਖਤਰਬੰਦ ਗੱਡੀਆਂ ਹਨ। ਇਸ ਦੇ ਨਾਲ ਹੀ ਰੂਸ ਖਾਰਕਿਵ 'ਤੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ 7 ਦਿਨਾਂ ਤੋਂ ਜੰਗ ਚੱਲ ਰਹੀ ਹੈ।

 

 ਰੂਸੀ ਫੌਜ 'ਤੇ ਪੈਂਟਾਗਨ ਨੇ ਕੀਤਾ ਵੱਡਾ ਦਾਅਵਾ


ਯੂਕਰੇਨ 'ਚ ਰੂਸੀ ਫੌਜ 'ਤੇ ਪੈਂਟਾਗਨ ਨੇ ਵੱਡਾ ਦਾਅਵਾ ਕੀਤਾ ਹੈ। ਪੈਂਟਾਗਨ ਨੇ ਕਿਹਾ ਹੈ ਕਿ ਰੂਸੀ ਸੈਨਿਕਾਂ ਕੋਲ ਹਥਿਆਰ ਨਹੀਂ ਹਨ ਅਤੇ ਉਨ੍ਹਾਂ ਨੂੰ ਜੰਗੀ ਸਿਖਲਾਈ ਨਹੀਂ ਦਿੱਤੀ ਗਈ ਹੈ।

 

 ਰਾਸ਼ਟਰਪਤੀ ਜ਼ੇਲੇਂਸਕੀ ਨੂੰ ਹਟਾਉਣ ਦੀ ਤਿਆਰੀ 'ਚ ਰੂਸ 


ਰੂਸ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਹਟਾਉਣ ਦੀ ਤਿਆਰੀ ਕਰ ਰਿਹਾ ਹੈ। ਰਾਸ਼ਟਰਪਤੀ ਪੁਤਿਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਕਰੀਬੀ ਦੋਸਤ ਵਿਕਟਰ ਯਾਨੁਕੋਵਿਚ ਨੂੰ ਯੂਕਰੇਨ ਦਾ ਰਾਸ਼ਟਰਪਤੀ ਬਣਾਇਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਵਿਕਟਰ ਯਾਨੁਕੋਵਿਚ ਬੇਲਾਰੂਸ 'ਚ ਮੌਜੂਦ ਹਨ।

 

 ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ ਦਾ ਅਲਰਟ

 

ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਕੀਵ, ਖਾਰਕੀਵ, ਚੈਰਕਸੀ, ਸੁਮੀ ਵਰਗੇ ਸ਼ਹਿਰ ਸ਼ਾਮਲ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।

 

 200 ਭਾਰਤੀ ਨਾਗਰਿਕਾਂ ਨੂੰ ਭਾਰਤ ਪਰਤੇਗਾ ਹਵਾਈ ਸੈਨਾ ਦਾ ਪਹਿਲਾ ਸੀ-17 ਜਹਾਜ਼ 


ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਪਹਿਲਾ ਸੀ-17 ਜਹਾਜ਼ ਅੱਜ ਰਾਤ 11 ਵਜੇ ਰੋਮਾਨੀਆ ਤੋਂ ਲਗਭਗ 200 ਭਾਰਤੀ ਨਾਗਰਿਕਾਂ ਨੂੰ ਲੈ ਕੇ ਯੂਕਰੇਨ ਤੋਂ ਵਾਪਸ ਪਰਤੇਗਾ। ਪੋਲੈਂਡ ਅਤੇ ਹੰਗਰੀ ਤੋਂ ਦੋ ਹੋਰ ਜਹਾਜ਼ ਕੱਲ੍ਹ ਸਵੇਰੇ ਵਾਪਸ ਆਉਣਗੇ।

 

ਦੱਸ ਦੇਈਏ ਕਿ ਰੂਸ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਬਰਨਾਲਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਵਿਨੀਸ਼ੀਆ ਸੂਬੇ ਵਿੱਚ ਗਿਆ ਸੀ। ਜਿੱਥੇ 2 ਫਰਵਰੀ ਨੂੰ ਚੰਦਨ ਜਿੰਦਲ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ ਸੀ ਅਤੇ ਉਸ ਦੇ ਦਿਮਾਗ ਵਿਚ ਖੂਨ ਜਮ ਗਿਆ ਸੀ ਅਤੇ ਉਸ ਨੂੰ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ।
 
ਭਾਰਤ ਵਿੱਚ ਰਹਿ ਰਹੇ ਪਰਿਵਾਰ ਦੀ ਇਜਾਜ਼ਤ ਨਾਲ ਚੰਦਨ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਚੰਦਨ ਦੀ ਸੰਭਾਲ ਲਈ ਉਸਦੇ ਪਿਤਾ ਸ਼ਿਸ਼ਨ ਕੁਮਾਰ ਅਤੇ ਤਾਇਆ ਕ੍ਰਿਸ਼ਨ ਕੁਮਾਰ 7 ਫਰਵਰੀ ਨੂੰ  ਯੂਕਰੇਨ ਚਲੇ ਗਏ ਸੀ। ਜਿਸ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਲੜਾਈ ਲੱਗ ਗਈ।