Russia Ukraine Conflict: ਯੂਕਰੇਨ 'ਤੇ ਹਮਲੇ ਤੋਂ ਬਾਅਦ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਤੋਂ ਇਲਾਵਾ ਦੁਨੀਆਂ ਦੇ ਹੋਰ ਦੇਸ਼ ਰੂਸ 'ਤੇ ਲਗਾਤਾਰ ਵੱਖ-ਵੱਖ ਪਾਬੰਦੀਆਂ ਲਗਾ ਰਹੇ ਹਨ। ਇਨ੍ਹਾਂ ਪਾਬੰਦੀਆਂ ਨਾਲ ਰੂਸ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਸ ਦੇ ਅਰਥਚਾਰੇ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ ਪਰ ਇਸ ਤੋਂ ਬਾਅਦ ਵੀ ਰੂਸ ਜੰਗ ਨੂੰ ਰੋਕਣ ਲਈ ਤਿਆਰ ਨਹੀਂ ਹੈ। ਅਮਰੀਕੀ ਖੁਫੀਆ ਏਜੰਸੀ ਮੁਤਾਬਕ ਰੂਸ ਭਾਰੀ ਨੁਕਸਾਨ ਤੋਂ ਬਾਅਦ ਵੀ ਜੰਗ ਜਾਰੀ ਰੱਖ ਸਕਦਾ ਹੈ।



ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ
ਇੱਕ ਰਿਪੋਰਟ ਮੁਤਾਬਕ ਅਮਰੀਕੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਜੰਗ ਅਜੇ ਵੀ ਜਾਰੀ ਰਹਿ ਸਕਦੀ ਹੈ ਤੇ ਅਗਲੇ ਕੁਝ ਹਫ਼ਤੇ ਯੂਕਰੇਨ ਲਈ ਬਹੁਤ ਭਾਰੀ ਹੋ ਸਕਦੇ ਹਨ। ਰੂਸ ਆਉਣ ਵਾਲੇ ਦਿਨਾਂ 'ਚ ਯੂਕਰੇਨ 'ਤੇ ਕਬਜ਼ਾ ਕਰਨ ਲਈ ਹਮਲੇ ਤੇਜ਼ ਕਰ ਸਕਦਾ ਹੈ। ਏਜੰਸੀ ਨੂੰ ਲੱਗਦਾ ਹੈ ਕਿ ਪੁਤਿਨ ਆਪਣੇ ਕਦਮ ਤੋਂ ਪਿੱਛੇ ਨਹੀਂ ਹਟਣਗੇ।

ਰੂਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼
ਦੱਸ ਦੇਈਏ ਕਿ ਰੂਸ ਨੂੰ ਰੋਕਣ ਲਈ ਅਮਰੀਕਾ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਇਸ 'ਤੇ ਪਹਿਲਾਂ ਹੀ ਕਈ ਆਰਥਿਕ ਪਾਬੰਦੀਆਂ ਲਗਾ ਚੁੱਕਾ ਹੈ। ਇਸ ਸਭ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਰੂਸੀ ਗੈਸ, ਤੇਲ ਅਤੇ ਊਰਜਾ ਦੇ ਸਾਰੇ ਦਰਾਮਦ 'ਤੇ ਪਾਬੰਦੀ ਦਾ ਐਲਾਨ ਕੀਤਾ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਕਦਮ ਨਾਲ ਰੂਸ ਦੇ ਅਰਥਚਾਰੇ ਨੂੰ ਡੂੰਘੀ ਸੱਟ ਵੱਜੇਗੀ। ਹਾਲਾਂਕਿ ਉਨ੍ਹਾਂ ਸਵੀਕਾਰ ਕੀਤਾ ਕਿ ਇਸ ਨਾਲ ਅਮਰੀਕੀਆਂ, ਖ਼ਾਸ ਕਰਕੇ ਗੈਸ ਪੰਪਾਂ 'ਤੇ ਲਾਗਤ ਵਧੇਗੀ। ਬਾਇਡਨ ਦੇ ਇਸ ਐਲਾਨ ਤੋਂ ਬਾਅਦ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਇਸ ਫ਼ੈਸਲੇ ਦਾ ਦੁਨੀਆਂ 'ਤੇ ਕੀ ਪ੍ਰਭਾਵ ਪਵੇਗਾ?