ਮਾਸਕੋ/ਕਾਬੁਲ: ਅਫਗਾਨਿਸਤਾਨ ਛੱਡ ਕੇ ਆਏ ਰਾਸ਼ਟਰਪਤੀ ਅਸ਼ਰਫ ਗਨੀ ਦੇ ਜਹਾਜ਼ ਨੂੰ ਗੁਆਂਢੀ ਦੇਸ਼ ਤਾਜਿਕਸਤਾਨ ਨੇ ਰਾਜਧਾਨੀ ਦੁਸ਼ਾਂਬੇ ਵਿੱਚ ਉਤਰਨ ਤੋਂ ਰੋਕ ਦਿੱਤਾ ਸੀ। ਅਸ਼ਰਫ਼ ਗਨੀ ਹੁਣ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਰੂਸੀ ਸਰਕਾਰੀ ਮੀਡੀਆ ਅਨੁਸਾਰ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਫਗਾਨਿਸਤਾਨ ਤੋਂ ਭੱਜਦੇ ਸਮੇਂ ਆਪਣੇ ਹੈਲੀਕਾਪਟਰ ਵਿੱਚ ਨਕਦੀ ਭਰੀ, ਪਰ ਥਾਂ ਦੀ ਕਮੀ ਕਾਰਨ ਨੋਟਾਂ ਨਾਲ ਭਰੇ ਕੁਝ ਬੈਗਾਂ ਨੂੰ ਰਨਵੇ ਉੱਤੇ ਛੱਡਣਾ ਪਿਆ। ਰੂਸ ਦੇ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਇੱਕ ਖਬਰ 'ਚ ਇਹ ਦਾਅਵਾ ਕੀਤਾ।


ਰੂਸ ਦੀਆਂ ਖਬਰਾਂ ਵਿੱਚ ਕੀ ਦਾਅਵਾ ਕੀਤਾ ਗਿਆ?


ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਟਾਸ' ਦੀ ਖਬਰ ਅਨੁਸਾਰ 72 ਸਾਲਾ ਰਾਸ਼ਟਰਪਤੀ ਗਨੀ ਨਕਦੀ ਨਾਲ ਲੱਦਿਆ ਹੈਲੀਕਾਪਟਰ ਲੈ ਕੇ ਕਾਬੁਲ ਤੋਂ ਫਰਾਰ ਹੋ ਗਏ। ਖਬਰਾਂ ਨੇ ਰੂਸੀ ਦੂਤਾਵਾਸ ਦੇ ਇੱਕ ਕਰਮਚਾਰੀ ਦੇ ਹਵਾਲੇ ਨਾਲ ਕਿਹਾ, “ਉਨ੍ਹਾਂ (ਗਨੀ) ਦੇ ਸ਼ਾਸਨ ਦੇ ਅੰਤ ਦੇ ਕਾਰਨਾਂ ਨੂੰ ਗਨੀ ਦੇ ਉੱਥੋਂ ਭੱਜਣ ਦੇ ਤਰੀਕੇ ਨਾਲ ਜੋੜਿਆ ਜਾ ਸਕਦਾ ਹੈ। ਚਾਰ ਕਾਰਾਂ ਨਕਦੀ ਨਾਲ ਭਰੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਸਾਰਾ ਪੈਸਾ ਹੈਲੀਕਾਪਟਰ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਰੀ ਨਕਦੀ ਹੈਲੀਕਾਪਟਰ ਵਿੱਚ ਲੋਡ ਨਹੀਂ ਹੋ ਸਕੀ ਤੇ ਉਨ੍ਹਾਂ ਨੂੰ ਕੁਝ ਨਕਦੀ ਰਨਵੇ ਉੱਤੇ ਹੀ ਛੱਡਣੀ ਪਈ।


ਹਾਲਾਂਕਿ ਤਾਸ ਨੇ ਦੂਤਘਰ ਦੇ ਕਰਮਚਾਰੀ ਦਾ ਨਾਂ ਨਹੀਂ ਲਿਆ, ਪਰ ਰੂਸੀ ਵਾਇਰ ਸਰਵਿਸ ਸਪੂਤਨਿਕ ਨੇ ਰੂਸੀ ਦੂਤਘਰ ਦੀ ਤਰਜਮਾਨ ਨਿਕਿਤਾ ਈਸ਼ੈਂਕੋ ਦੇ ਹਵਾਲੇ ਨਾਲ ਦੱਸਿਆ ਕਿ ਗਨੀ ਦੇ ਕਾਫਲੇ ਵਿੱਚ ਨਕਦੀ ਨਾਲ ਭਰੀਆਂ ਕਾਰਾਂ ਸਨ, ਜਦੋਂ ਉਹ ਕਾਬੁਲ ਤੋਂ ਭੱਜ ਰਹੇ ਸਨ। ਈਸ਼ੇਂਕੋ ਨੇ ਕਿਹਾ, “ਉਨ੍ਹਾਂ ਨੇ ਸਾਰਾ ਪੈਸਾ ਹੈਲੀਕਾਪਟਰ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਗ੍ਹਾ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਸਕਿਆ। ਕੁਝ ਪੈਸੇ ਰਨਵੇਅ ਤੇ ਰਹਿ ਗਏ ਸਨ।"


ਅਸ਼ਰਫ ਗਨੀ ਨੇ ਫੇਸਬੁੱਕ 'ਤੇ ਲਿਖਿਆ- ਖੂਨ-ਖਰਾਬੇ ਤੋਂ ਬਚਣ ਲਈ, ਮੈਂ ਛੱਡਣਾ ਉਚਿਤ ਸਮਝਿਆ


ਅਫਗਾਨਿਸਤਾਨ ਛੱਡਣ ਤੋਂ ਬਾਅਦ ਆਪਣੇ ਪਹਿਲੇ ਬਿਆਨ ਵਿੱਚ ਗਨੀ ਨੇ ਐਤਵਾਰ ਨੂੰ ਫੇਸਬੁੱਕ 'ਤੇ ਇੱਕ ਪੋਸਟ ਲਿਖਿਆ। ਰਾਸ਼ਟਰਪਤੀ ਨੇ ਲਿਖਿਆ ਕਿ ਉਨ੍ਹਾਂ ਕੋਲ ਦੋ ਮੁਸ਼ਕਲ ਚੋਣਾਂ ਸਨ, ਪਹਿਲਾ- ਰਾਸ਼ਟਰਪਤੀ ਭਵਨ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 'ਹਥਿਆਰਬੰਦ ਤਾਲਿਬਾਨੀ' ਤੇ ਦੂਜਾ 'ਆਪਣੇ ਪਿਆਰੇ ਦੇਸ਼ ਨੂੰ ਛੱਡਣਾ' ਜਿਸ ਦੀ ਰੱਖਿਆ ਕਰਦਿਆਂ ਮੈਂ ਆਪਣੀ ਜ਼ਿੰਦਗੀ ਦੇ 20 ਸਾਲ ਬਿਤਾਏ ਸਨ।"


ਉਨ੍ਹਾਂ ਕਿਹਾ, “ਜੇ ਦੁਬਾਰਾ ਦੇਸ਼ ਦੇ ਅਣਗਿਣਤ ਨਾਗਰਿਕ ਸ਼ਹੀਦ ਹੋ ਗਏ ਤੇ ਕਾਬੁਲ ਵਿੱਚ ਤਬਾਹੀ ਹੁੰਦੀ ਤਾਂ ਲਗਪਗ 60 ਲੱਖ ਲੋਕਾਂ ਦੇ ਸ਼ਹਿਰ ਲਈ ਇਸ ਦੇ ਨਤੀਜੇ ਬਹੁਤ ਵਿਨਾਸ਼ਕਾਰੀ ਹੁੰਦੇ। ਤਾਲਿਬਾਨ ਨੇ ਮੈਨੂੰ ਹਟਾਉਣ ਦਾ ਫੈਸਲਾ ਕੀਤਾ ਸੀ, ਉਹ ਇੱਥੇ ਕਾਬੁਲ ਅਤੇ ਕਾਬੁਲ ਦੇ ਲੋਕਾਂ 'ਤੇ ਹਮਲਾ ਕਰਨ ਆਏ ਹਨ। ਅਜਿਹੀ ਸਥਿਤੀ ਵਿੱਚ ਖੂਨ-ਖਰਾਬੇ ਤੋਂ ਬਚਣ ਲਈ ਮੈਨੂੰ ਉਥੋਂ ਚਲੇ ਜਾਣਾ ਉਚਿਤ ਲੱਗਿਆ।


ਗਨੀ ਨੇ ਕਿਹਾ, "ਤਾਲਿਬਾਨ ਨੇ ਹਥਿਆਰਾਂ ਨਾਲ ਲੜਾਈ ਜਿੱਤ ਲਈ ਹੈ ਤੇ ਹੁਣ ਦੇਸ਼ ਵਾਸੀਆਂ ਦੇ ਸਨਮਾਨ, ਦੌਲਤ ਅਤੇ ਸਵੈ-ਮਾਣ ਦੀ ਰੱਖਿਆ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।" ਪੇਸ਼ੇ ਵਜੋਂ ਇੱਕ ਸਿੱਖਿਆ ਸ਼ਾਸਤਰੀ ਤੇ ਅਰਥ ਸ਼ਾਸਤਰੀ ਗਨੀ ਅਫਗਾਨਿਸਤਾਨ ਦੇ 14ਵੇਂ ਰਾਸ਼ਟਰਪਤੀ ਸਨ। ਪਹਿਲੀ ਵਾਰ 20 ਸਤੰਬਰ 2014 ਨੂੰ ਤੇ ਦੂਜੀ ਵਾਰ 28 ਸਤੰਬਰ 2019 ਨੂੰ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਜਿੱਤ ਕੇ ਇਹ ਅਹੁਦਾ ਜਿੱਤਿਆ ਸੀ।