ਮਾਸਕੋ: ਫੀਫਾ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਰੂਸੀ ਔਰਤਾਂ ਨੂੰ ਮੈਚ ਵੇਖਣ ਆਏ ਮਹਿਮਾਨਾਂ ਨਾਲ ਸਬੰਧ ਨਾ ਕਾਇਮ ਕਰਨ ਦੀ ਤਾਕੀਦ ਕੀਤੀ ਗਈ ਹੈ। ਰੂਸੀ ਸੰਸਦ ਮੈਂਬਰ ਮੁਤਾਬਕ ਔਰਤਾਂ ਦੇ ਇਕਹਰੀ ਮਾਂ ਤੇ ਮਿਸ਼ਰਤ ਵੰਸ਼ ਦੇ ਬੱਚਿਆਂ ਕਾਰਨ ਪਾਰਲੀਮੈਂਟ ਤੇ ਕਾਨੂੰਨ ਘਾੜਿਆਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਅਜਿਹਾ ਕੀਤਾ ਜਾਣਾ ਚਾਹੀਦਾ ਹੈ।
70 ਸਾਲਾ ਮਹਿਲਾ ਕਾਮਰੇਡ ਤਮਾਰਾ ਪਲੇਤਨੇਵਾ ਪਰਿਵਾਰ, ਔਰਤਾਂ ਤੇ ਬੱਚਿਆਂ ਦੇ ਵਿਭਾਗ ਦੀ ਅਗਵਾਈ ਕਰਦੀ ਹੈ। ਉਨ੍ਹਾਂ ਗੋਵੋਰਿਤ ਮੋਸਕਵਾ ਰੇਡੀਓ ਸਟੇਸ਼ਨ 'ਤੇ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਆਸ ਹੈ ਕਿ ਔਰਤਾਂ ਵਿਦੇਸ਼ੀ ਫੁਟਬਾਲ ਪ੍ਰਸ਼ੰਸਕਾਂ ਨਾਲ ਸਬੰਧ ਨਾ ਬਣਾਉਣ ਤੇ ਗਰਭਵਤੀ ਹੋਣ ਤੋਂ ਗੁਰੇਜ਼ ਕਰਨਗੀਆਂ। ਉਨ੍ਹਾਂ 1980 ਦੀਆਂ ਮਾਸਕੋ ਓਲੰਪਿਕ ਦੇ ਹਾਲਾਤ ਨਾਲ ਤੁਲਨਾ ਕਰਦਿਆਂ ਕਿਹਾ ਕਿ ਉਦੋਂ ਸਥਾਨਕ ਔਰਤਾਂ ਨੇ ਵਿਦੇਸ਼ੀ ਲੋਕਾਂ ਨਾਲ ਪੁੱਠੇ-ਸਿੱਧੇ ਸਬੰਧ ਕਾਇਮ ਕੀਤੇ ਤੇ ਗਰਭਵਤੀ ਹੋ ਗਈਆਂ।
ਇਹ ਪੁੱਛੇ ਜਾਣ 'ਤੇ ਕਿ ਜੇਕਰ ਵਿਸ਼ਵ ਕੱਪ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦੇ ਮੁੱਖ ਟੀਚਿਆਂ ਵਿੱਚੋਂ ਇੱਕ, ਜਨਮ ਦਰ 'ਚ ਵਾਧਾ ਕਰਨ ਵਿੱਚ ਸਹਾਈ ਹੁੰਦਾ ਹੈ ਤਾਂ ਪਲੇਤਨੇਵਾ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਜਨਮ ਦੇਵਾਂਗੇ ਨਾ ਕਿ ਮਿਸ਼ਰਤ ਵੰਸ਼ ਦੇ ਇਕਹਿਰੀਆਂ ਮਾਵਾਂ ਦੇ ਬੱਚਿਆਂ ਨੂੰ।
ਇਹ ਪਹਿਲੀ ਵਾਰ ਨਹੀਂ ਕਿ ਪਲੇਤਨੇਵਾ ਨੇ ਕੋਈ ਵਿਵਾਦਤ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਔਰਤਾਂ ਦੇ ਸੋਸ਼ਣ ਦਾ ਵਿਰੋਧ ਪ੍ਰਗਟਾਉਣ ਦਾ ਜ਼ਰੀਆ ਬਣੀ ਸੋਸ਼ਲ ਮੀਡੀਆ ਮੁਹਿੰਮ #MeeToo ਦੀ ਵੀ ਆਲੋਚਨਾ ਕੀਤੀ ਸੀ। ਉਨ੍ਹਾਂ ਲੰਘੀ ਫਰਵਰੀ ਦੌਰਾਨ ਕਿਹਾ ਸੀ ਕਿ ਅਸੀਂ ਅਮਰੀਕਾ ਜਾਂ ਯੂਰਪ ਵਿੱਚ ਨਹੀਂ ਹਾਂ ਤੇ ਅਸੀਂ ਹਰ ਚੀਜ਼ ਦੀ ਨਕਲ ਕਿਉਂ ਕਰਾਂਗੇ। ਜੇਕਰ ਕੋਈ ਔਰਤ ਨਹੀਂ ਚਾਹੁੰਦੀ ਤਾਂ ਕੋਈ ਉਸ ਦਾ ਸੋਸ਼ਣ ਨਹੀਂ ਕਰਨ ਵਾਲਾ। ਉਦੋਂ ਵੀ ਮਹਿਲਾ ਸੰਸਦ ਮੈਂਬਰ ਦੀ ਕਾਫੀ ਆਲੋਚਨਾ ਹੋਈ ਸੀ ਤੇ ਹੁਣ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦੀ ਔਰਤਾਂ ਲਈ ਜਾਰੀ ਇਹ ਚੇਤਾਵਨੀ ਚਰਚਾ ਤੇ ਆਲੋਚਨਾ ਦਾ ਵਿਸ਼ਾ ਬਣ ਗਈ ਹੈ।