Shooter Firing outside Israel Embassy :  ਮਿਊਨਿਖ ਸ਼ਹਿਰ ਵਿੱਚ ਇਜ਼ਰਾਈਲੀ ਦੂਤਘਰ ਦੇ ਬਾਹਰ ਇੱਕ ਸ਼ੂਟਰ ਨੇ ਕਈ ਗੋਲੀਆਂ ਚਲਾਈਆਂ। ਇਸ ਦੌਰਾਨ ਹੰਗਾਮਾ ਹੋ ਗਿਆ। ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਜਿਸ 'ਚ ਇੱਕ ਵਿਅਕਤੀ ਨੂੰ ਭੱਜਦਾ ਦਿਖਾਇਆ ਗਿਆ ਹੈ, ਜਦਕਿ ਕਈ ਗੋਲੀਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਇਸ ਘਟਨਾ ਤੋਂ ਬਾਅਦ ਦਰਜਨਾਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।


 ਪੁਲਿਸ ਦੇ ਅਨੁਸਾਰ, ਅਧਿਕਾਰੀਆਂ ਨੇ ਇੱਕ ਸ਼ੱਕੀ 'ਤੇ ਗੋਲੀਆਂ ਚਲਾਈਆਂ, ਜੋ ਜ਼ਖਮੀ ਹੋ ਗਿਆ ਤੇ ਫਿਲਹਾਲ ਖੇਤਰ ਨੂੰ ਘੇਰਾ ਪਾ ਲਿਆ ਗਿਆ ਹੈ। ਮਿਊਨਿਖ ਪੁਲਿਸ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਬ੍ਰਾਇਨਰਸਟ੍ਰਾਸੇ ਤੇ ਕੈਰੋਲਿਨ ਪਲੈਟਜ਼ ਦੇ ਖੇਤਰ 'ਚ ਇਸ ਸਮੇਂ ਇੱਕ ਵੱਡਾ ਆਪਰੇਸ਼ਨ ਚੱਲ ਰਿਹਾ ਹੈ। ਸਾਡੇ ਕੋਲ ਬਹੁਤ ਸਾਰੇ ਐਮਰਜੈਂਸੀ ਕਰਮਚਾਰੀ ਹਨ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਹੋ ਸਕੇ ਇਸ ਖੇਤਰ ਤੋਂ ਬਚੋ। ਇਸ ਆਪਰੇਸ਼ਨ ਲਈ ਹੈਲੀਕਾਪਟਰ ਤੋਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ।






ਇਜ਼ਰਾਇਲੀ ਮੀਡੀਆ ਨੇ ਵੀਰਵਾਰ ਨੂੰ ਦੱਸਿਆ ਕਿ ਮਿਊਨਿਖ 'ਚ ਇਜ਼ਰਾਇਲੀ ਵਣਜ ਦੂਤਘਰ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ। ਬਾਵੇਰੀਆ ਦੀ ਰਾਜਧਾਨੀ ਮਿਊਨਿਖ ਵਿੱਚ ਇਜ਼ਰਾਈਲੀ ਕੌਂਸਲੇਟ ਦੇ ਨੇੜੇ ਵਾਰ-ਵਾਰ ਗੋਲੀਬਾਰੀ ਦੀਆਂ ਉੱਚੀਆਂ ਆਵਾਜ਼ਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਨੂੰ ਮੌਕੇ 'ਤੇ ਬੁਲਾਇਆ ਗਿਆ।






ਵਿਦੇਸ਼ ਮੰਤਰਾਲੇ ਦੇ ਦਫਤਰ ਨੇ ਕਿਹਾ ਕਿ ਵਣਜ ਦੂਤਘਰ ਦਾ ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ ਹੈ। ਹਮਲਾਵਰ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ ਹੈ, ਜੋ ਸਥਿਤੀ ਨੂੰ ਸੰਭਾਲ ਰਹੇ ਹਨ। ਯੇਰੂਸ਼ਲਮ ਪੋਸਟ ਮੁਤਾਬਕ 52 ਸਾਲ ਪਹਿਲਾਂ ਮਿਊਨਿਖ 'ਚ ਵੀ ਅਜਿਹਾ ਹੀ ਹਮਲਾ ਹੋਇਆ ਸੀ। ਇਜ਼ਰਾਈਲ ਦੇ ਓਲੰਪਿਕ ਖਿਡਾਰੀਆਂ ਦਾ ਫਲਸਤੀਨੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ। ਇਸ ਘਟਨਾ ਦੀ ਯਾਦ ਵਿੱਚ ਵੀਰਵਾਰ ਨੂੰ ਕੌਂਸਲੇਟ ਬੰਦ ਕਰ ਦਿੱਤਾ ਗਿਆ। ਮਿਊਨਿਖ ਪੁਲਿਸ ਨੇ ਕਿਹਾ ਕਿ ਆਪ੍ਰੇਸ਼ਨ ਦੇ ਸਬੰਧ ਵਿੱਚ ਕਿਸੇ ਹੋਰ ਸ਼ੱਕੀ ਵਿਅਕਤੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ।