ਨਵੀਂ ਦਿੱਲੀ: ਦਿ ਲੈਂਸੇਟ ਜਨਰਲ ਨੇ ਇੱਕ ਨਵੀਂ ਖੋਜ ਵਿੱਚ ਕਿਹਾ ਹੈ ਕਿ ਫਾਈਜ਼ਰ ਵੈਕਸੀਨ ਕੋਵਿਡ ਦੇ ਡੇਲਟਾ ਵੇਰੀਐਂਟ ਖ਼ਿਲਾਫ਼ ਬਹੁਤ ਘੱਟ ਪ੍ਰਭਾਵਸ਼ਾਲੀ ਹੈ। ਭਾਰਤ ਵਿੱਚ ਦੂਜੀ ਲਹਿਰ ਲਈ ਕੋਵਿਡ ਦੇ ਇਸੇ ਰੂਪ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਵੇਰੀਐਂਟ ਪ੍ਰਤੀ ਐਂਟੀਬਾਡੀ ਰਿਸਪਾਂਸ ਉਨ੍ਹਾਂ ਲੋਕਾਂ ਵਿੱਚ ਹੋਰ ਵੀ ਘੱਟ ਹੈ, ਜਿਨ੍ਹਾਂ ਨੂੰ ਸਿਰਫ ਇੱਕੋ ਖੁਰਾਕ ਮਿਲੀ ਹੈ ਅਤੇ ਦੋ ਖੁਰਾਕਾਂ ਦਰਮਿਆਨ ਲੰਮਾ ਵਕਫਾ ਡੇਲਟਾ ਵੇਰੀਐਂਟ ਖ਼ਿਲਾਫ਼ ਲੜਨ ਲਈ ਐਂਟੀਬਾਡੀਜ਼ ਦੀ ਸਮਰੱਥਾ ਨੂੰ ਹੋਰ ਵੀ ਘਟਾਉਂਦਾ ਹੈ।
ਫਾਈਜ਼ਰ ਦੀ ਇੱਕ ਡੋਜ਼ ਮਗਰੋਂ 79 ਫ਼ੀਸਦ ਲੋਕਾਂ ਵਿੱਚ ਕੋਵਿਡ-19 ਦੇ ਮੂਲ ਰੂਪ ਦੇ ਟਾਕਰੇ ਦੀ ਸਮਰੱਥਾ ਬਣੀ ਸੀ ਪਰ ਇਹ B.1.1.7 ਜਾਂ ਅਲਫ਼ਾ ਵੇਰੀਐਂਟ ਲਈ 50 ਫ਼ੀਸਦ ਅਤੇ ਡੇਲਟਾ ਲਈ 32 ਫ਼ੀਸਦ ਅਤੇ B.1.351 ਜਾਂ ਬੀਟਾ ਵੇਰੀਐਂਟ ਲਈ 25 ਫ਼ੀਸਦ ਰਹਿ ਗਈ। ਕੋਵਿਡ-19 ਦਾ ਬੀਟਾ ਰੂਪ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਪਾਇਆ ਗਿਆ ਸੀ।
ਟੀਕੇ ਦੀ ਦੂਜੀ ਖੁਰਾਕ ਛੇਤੀ ਦੇਣ ਦੀ ਸਲਾਹ
ਖੋਜਕਾਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਯਕੀਨੀ ਬਣਾਉਣਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਹਸਪਤਾਲ ਜਾਣ ਦੀ ਨੌਬਤ ਨਾ ਆਵੇ ਤਾਂ ਉਨ੍ਹਾਂ ਨੂੰ ਟੀਕੇ ਨਾਲ ਸੁਰੱਖਿਅਤ ਬਣਾਉਣਾ ਸਭ ਤੋਂ ਵੱਧ ਜ਼ਰੂਰੀ ਹੈ। ਯੂਸੀਐਲਐਚ ਇਨਫੈਕਸ਼ੀਅਸ ਡਿਜ਼ੀਜ਼ ਕੰਸਲਟੈਂਟ ਅਥੇ ਸੀਨੀਅਰ ਕਲੀਨਿਕਲ ਰਿਸਰਚ ਫੈਲੋ ਐਮਾ ਵਾਲ ਮੁਤਾਬਕ, "ਸਾਡੇ ਨਤੀਜੇ ਦੱਸਦੇ ਹਨ ਕਿ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਛੇਤੀ ਹੀ ਦੂਜੀ ਖੁਰਾਕ ਦਿੱਤੀ ਜਾਵੇ ਅਤੇ ਉਨ੍ਹਾਂ ਲੋਕਾਂ ਨੂੰ ਬੂਸਟਰ ਮੁਹੱਈਆ ਕਰਵਾਇਆ ਜਾਵੇ, ਜਿਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਕੋਰੋਨਾ ਦੇ ਇਸ ਰੂਪ ਦੇ ਸਾਹਮਣੇ ਬਹੁਤੀ ਨਹੀਂ ਹੋ ਸਕਦੀ।"
ਫਿਲਹਾਲ ਦੋ ਖੁਰਾਕਾਂ ਦਰਮਿਆਨ 12-16 ਹਫ਼ਤਿਆਂ ਦਾ ਵਕਫਾ
ਖੋਜਕਾਰਾਂ ਦੀ ਇਹ ਸਿਫਾਰਿਸ਼ ਭਾਰਤ ਵੱਲੋਂ ਲਏ ਗਏ ਫੈਸਲੇ ਦੇ ਉਲਟ ਹੈ। ਇਸ ਫੈਸਲੇ ਤਹਿਤ ਕੋਵੀਸ਼ੀਲਡ ਡੋਜ਼ ਦਰਮਿਆਨ ਵਕਫੇ ਨੂੰ 6-8 ਹਫ਼ਤਿਆਂ ਤੋਂ ਵਧਾ ਕੇ 12-16 ਹਫ਼ਤੇ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਉਨ੍ਹਾਂ ਖੋਜਾਂ ਦੇ ਹਵਾਲੇ ਦਿੰਦਿਆਂ ਕੀਤਾ ਹੈ ਜਿਸ ਵਿੱਚ ਵਕਫਾ ਵਧਾਉਣ ਨਾਲ ਟੀਕਾ ਵਧੇਰੇ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਹਾਲਾਂਕਿ, ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਰੋਨਾ ਵੈਕਸੀਨ ਦੀ ਕਮੀ ਅਤੇ ਟੀਕਿਆਂ ਦੀ ਸਪਲਾਈ ਘੱਟ ਹੋਣ ਕਾਰਨ ਦੋ ਖੁਰਾਕਾਂ ਦਰਮਿਆਨ ਵਕਫਾ ਵਧਾਇਆ ਹੈ।
ਬ੍ਰਿਟੇਨ ਨੇ ਡੋਜ਼ ਗੈਪ ਘਟਾਉਣ ਦੀ ਹਾਮੀ ਭਰੀ
ਲੇਟੈਸਟ ਲੈਂਸੇਟ ਸਟੱਡੀ ਨੂੰ ਬਰਤਾਨੀਆ ਨੇ ਸਮਰਥਨ ਦਿੱਤਾ ਹੈ। ਲੈਂਸੇਟ ਦਾ ਇਹ ਵੀ ਕਹਿਣਾ ਹੈ ਕਿ ਵਧਦੀ ਉਮਰ ਨਾਲ ਵੈਕਸੀਨ ਵੀ ਘੱਟ ਐਂਟੀਬਾਡੀ ਉਤਪਾਦਨ ਕਰਦੀ ਹੈ ਅਤੇ ਸਮੇਂ ਦੇ ਨਾਲ-ਨਾਲ ਇਸ ਦਾ ਪੱਧਰ ਡਿੱਗਦਾ ਹੈ। ਦੱਸਣਾ ਬਣਦਾ ਹੈ ਕਿ ਯੂਕੇ ਵਿੱਚ ਫਰਾਂਸਿਸ ਕਿਰਕ ਇੰਸਟੀਚਿਊਟ ਦੇ ਖੋਜਕਾਰਾਂ ਦੀ ਅਗਵਾਈ ਵਾਲੀ ਟੀਮ ਨੇ ਉਨ੍ਹਾਂ 250 ਸਿਹਤਮੰਦ ਲੋਕਾਂ ਦੇ ਖ਼ੂਨ ਵਿੱਚ ਮੌਜੂਦ ਐਂਟੀਬਾਡੀ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਫਾਈਜ਼ਰ ਵੈਕਸੀਨ ਦੀ ਦੂਜੀ ਡੋਜ਼ ਪਹਿਲੀ ਖੁਰਾਕ ਤੋਂ ਤਿੰਨ ਮਹੀਨੇ ਬਾਅਦ ਲਈ ਸੀ। ਖੋਜਕਾਰਾਂ ਨੇ ਕੋਵਿਡ ਵਾਇਰਸ ਦੇ ਪੰਜ ਵੱਖ-ਵੱਖ ਸਰੂਪਾਂ (ਵੇਰੀਐਂਟਸ) ਉੱਪਰ ਇਹ ਖੋਜ ਕੀਤੀ, ਜਿਸ ਵਿੱਚ ਸਰੀਰ ਵਿੱਚ ਵਾਇਰਸ ਦੇ ਦਾਖ਼ਲੇ ਨੂੰ ਰੋਕਣ ਲਈ ਐਂਟੀਬਾਡੀ ਦੀ ਸਮਰੱਥਾ ਨੂੰ ਪਰਖਿਆ ਗਿਆ।