ਲਾਹੌਰ: ਪਾਕਿਸਤਾਨ ਦੀ ਨਾਬਾਲਗ ਸਿੱਖ ਲੜਕੀ ਦੀ ਧਰਮ ਤਬਦੀਲੀ ਮਗਰੋਂ ਮੁਸਲਮਾਨ ਮੁੰਡੇ ਨਾਲ ਨਿਕਾਹ ਦਾ ਮਾਮਲਾ ਨਵਾਂ ਮੋੜ ਲੈ ਰਿਹਾ ਹੈ। ਕੁੜੀ ਨੇ ਆਪਣੇ ਪਰਿਵਾਰ ਦੇ ਘਰ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਬਦਲਿਆ ਹੈ। ਕੁੜੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇਕਰ ਉਹ ਆਪਣੇ ਘਰ ਗਈ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੈ।

ਦਰਅਸਲ ਮੀਡੀਆ ਵਿੱਚ ਚਰਚਾ ਹੈ ਕਿ ਪਾਕਿਸਤਾਨ ਦੀ ਨਾਬਾਲਗ ਸਿੱਖ ਲੜਕੀ ਨੂੰ ਕਥਿਤ ਤੌਰ ਉੱਤੇ ਅਗਵਾ ਕਰ ਲਿਆ ਗਿਆ ਸੀ। ਇਸ ਮਗਰੋਂ ਧਰਮ ਤਬਦੀਲ ਕਰਕੇ ਪਾਕਿਸਤਾਨੀ ਪੰਜਾਬ ਦੇ ਵਸਨੀਕ ਮੁਸਲਿਮ ਲੜਕੇ ਨਾਲ ਨਿਕਾਹ ਕਰ ਦਿੱਤਾ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਗਰਮਾ ਗਿਆ। ਸਿੱਖ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਕੀਤਾ। ਇਸ ਮਗਰੋਂ ਪਾਕਿਸਤਾਨ ਸਰਕਾਰ ਨੇ ਵੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਮਾਮਲਾ ਗੰਭੀਰ ਹੋਣ ਤੋਂ ਬਾਅਦ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਲੜਕੀ ਨੂੰ ਲਾਹੌਰ ਵਿੱਚ ਸ਼ੈਲਟਰ ਹੋਮ ਵਿੱਚ ਮਿਲੇ। ਗਵਰਨਰ ਨੇ ਕੁੜੀ ਨੂੰ ਆਪਣੇ ਘਰ ਪਰਿਵਾਰਕ ਮੈਂਬਰਾਂ ਕੋਲ ਜਾਣ ਦੀ ਅਪੀਲ ਕੀਤੀ। ਦੂਜੇ ਪਾਸੇ ਲੜਕੀ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਘਰ ਪਰਤਣ ਤੋਂ ਨਾਂਹ ਕਰ ਦਿੱਤੀ ਹੈ। ਇਸ ਲਈ ਇਹ ਮਾਮਲਾ ਅਗਵਾ ਕਰਨ ਦੀ ਬਜਾਏ ਪਿਆਰ ਦਾ ਨਜ਼ਰ ਆਉਣ ਲੱਗਾ ਹੈ।

ਯਾਦ ਰਹੇ ਇਹ ਲੜਕੀ ਪੱਛਮੀ ਪੰਜਾਬ ਦੇ ਨਨਕਾਣਾ ਸਾਹਿਬ ਵਿੱਚ ਗ੍ਰੰਥੀ ਦੀ ਧੀ ਹੈ। ਉਸ ਨੇ ਅਦਾਲਤ ਵਿੱਚ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਮੁਹੰਮਦ ਹਸਨ ਦੇ ਨਾਲ ਨਿਕਾਹ ਕਰਵਾਇਆ ਹੈ। ਦੋ ਧਰਮਾਂ ਵਿੱਚ ਵੱਕਾਰ ਦਾ ਸਵਾਲ ਬਣਨ ਬਾਅਦ ਲੜਕੀ ਨੂੰ ਸ਼ੁੱਕਰਵਾਰ ਨੂੰ ਅਦਾਲਤ ਦੇ ਹੁਕਮਾਂ ਉੱਤੇ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਸੀ।

ਇਸ ਦੇ ਨਾਲ ਹੀ ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਲੜਕੀ ਨੂੰ ਡਰਾ ਧਮਕਾ ਕੇ ਉਸ ਦਾ ਧਰਮ ਤਬਦੀਲ ਕੀਤਾ ਗਿਆ ਹੈ। ਮੁਸਲਿਮ ਲੜਕੇ ਨਾਲ ਨਿਕਾਹ ਕਰਨ ਨੂੰ ਮਜਬੂਰ ਕੀਤਾ ਗਿਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਉਸ ਦੀ ਉਮਰ 18 ਸਾਲ ਹੈ ਪਰ ਸਰਕਾਰੀ ਅਧਿਕਾਰੀਆਂ ਅਨੁਸਾਰ ਲੜਕੀ ਦੀ ਉਮਰ 19 ਸਾਲ ਹੈ।