ਮਹਿਤਾਬ-ਉਦ-ਦੀਨ



ਚੰਡੀਗੜ੍ਹ: ਪਾਕਿਸਤਾਨੀ ਸੂਬੇ ਖ਼ੈਬਰ-ਪਖ਼ਤੂਨਖਵਾ (K-P) ’ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਪੇਸ਼ਾਵਰ ’ਚ ਖ਼ਾਸ ਤੌਰ ’ਤੇ ਬਹੁਤ ਮਾੜਾ ਹਾਲ ਹੈ। ਅਪਰਾਧਕ ਘਟਨਾਵਾਂ ’ਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਸਿੱਖ ਵਪਾਰੀਆਂ ਤੋਂ ਫਿਰੌਤੀਆਂ ਵਸੂਲਣ ਦੇ ਜੁਰਮ ਵਧਦੇ ਹੀ ਜਾ ਰਹੇ ਹਨ। ਪਾਕਿਸਤਾਨ ਦੇ ਰੋਜ਼ਾਨਾ ਅਖ਼ਬਾਰ ‘ਦ ਐਕਸਪ੍ਰੈਸ ਟ੍ਰਿਬਿਊਨ’ ਨੇ ਇਸ ਬਾਰੇ ਅੱਜ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

 

ਇਸ ਰਿਪੋਰਟ ਅਨੁਸਾਰ ਕਾਰਖਾਨੋ ਮਾਰਕਿਟ ’ਚ ਕਾਸਮੈਟਿਕਸ ਦੀ ਦੁਕਾਨ ਚਲਾਉਂਦੇ ਇੱਕ ਸਿੱਖ ਵਪਾਰੀ ਨੂੰ ਪਿੱਛੇ ਜਿਹੇ ਅਫ਼ਗ਼ਾਨਿਸਤਾਨ ਦੇ ਫ਼ੋਨ ਨੰਬਰ ਤੋਂ ਕਾੱਲ ਆਈ ਕਿ ਉਹ ‘ਜੇਹਾਦੀਆਂ’ (ਅੱਤਵਾਦੀਆਂ) ਨੂੰ ‘ਚੈਰਿਟੀ’ ਵਿੱਚ ਧਨ ਦਾਨ ਕਰਨ। ਵਪਾਰੀ ਨੂੰ ਦੋ ਦਿਨਾਂ ਵਿੱਚ ਅਜਿਹੀਆਂ ਦੋ ਕਾਲਜ਼ ਆ ਚੁੱਕੀਆਂ ਹਨ। ਸਿੱਖ ਵਪਾਰੀ ਨੂੰ ਧਮਕੀ ਦਿੱਤੀ ਗਈ ਹੈ ਕਿ ਜੇ ਉਸ ਨੇ ਅੱਤਵਾਦੀਆਂ ਨੂੰ ਧਨ ਨਾ ਦਿੱਤਾ, ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

 

ਹਯਾਤਾਬਾਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਧਮਕੀਆਂ ਦੇਣ ਵਾਲੇ ਅਪਰਾਧੀ ਛੇਤੀ ਹੀ ਫੜ ਲਏ ਜਾਣਗੇ। ਸਿੱਖ ਵਪਾਰੀ ਨੂੰ ਵੀ ਆਸ ਹੈ ਕਿ ਉਨ੍ਹਾਂ ਪ੍ਰੇਸ਼ਾਨ ਕਰਨ ਵਾਲੇ ਛੇਤੀ ਹੀ ਕਾਨੂੰਨ ਦੇ ਅੜਿੱਕੇ ਜ਼ਰੂਰ ਚੜ੍ਹਨਗੇ ਪਰ ਅਸਲੀਅਤ ਵਿੱਚ ਸਰਹੱਦ ਪਾਰ ਅਫ਼ਗ਼ਾਨਿਸਤਾਨ ਤੋਂ ਅਜਿਹੀਆਂ ਫਿਰੌਤੀਆਂ ਵਸੂਲਣ ਦੇ ਅਪਰਾਧ ਕਰਨ ਵਾਲਿਆਂ ਵਿਰੁੱਧ ਪਾਕਿਸਤਾਨ ਪੁਲਿਸ ਕਦੇ ਕੁਝ ਨਹੀਂ ਕਰ ਸਕੀ।

 

ਦੱਸ ਦੇਈਏ ਕਿ ਪੇਸ਼ਾਵਰ ਦੇ ਮੁਹੱਲਾ ਜੋਗਨ ਸ਼ਾਹ ਵਿੱਚ ਸਿੱਖ ਪਰਿਵਾਰ ਵੱਡੀ ਗਿਣਤੀ ’ਚ ਰਹਿ ਰਹੇ ਹਨ। ਉੱਥੋਂ ਦੇ ਇੱਕ ਨਿਵਾਸੀ ਨੇ ਕਿਹਾ ਕਿ ਉਹ ਸਥਾਨਕ ਪੁਲਿਸ ਦੇ ਵਤੀਰੇ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਹਨ। ਇੱਕ ਸਿੱਖ ਬਜ਼ੁਰਗ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਕੇਵਲ ਕਾਗਜ਼ਾਂ ’ਚ ਹੀ ਸਿੱਖਾਂ ਦੀ ਮਦਦ ਕਰਦੀ ਹੈ ਤੇ ਉਹ ਸਿੱਖਾਂ ਦੇ ਸਮਾਰੋਹਾਂ ਵਿੱਚ ਵੀ ਕੇਵਲ ਕਾਗਜ਼ਾਂ ’ਚ ਹੀ ਜਾਂਦੀ ਹੈ; ਜਦ ਕਿ ਸਿੱਖ ਸ਼ੁਰੂ ਤੋਂ ਹੀ ਅਪਰਾਧੀਆਂ ਦੇ ਨਿਸ਼ਾਨੇ ’ਤੇ ਰਹੇ ਹਨ। ਇਸ ਕਾਰਨ ਸਥਾਨਕ ਸਿੱਖ ਸੰਗਤ ਡਾਢੀ ਪ੍ਰੇਸ਼ਾਨ ਹੈ।

 

ਉਨ੍ਹਾਂ ਦੱਸਿਆ ਕਿ ਪਿੱਛੇ ਜਿਹੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਬੰਦੂਕ ਦੀ ਨੋਕ ਉੱਤੇ ਉਨ੍ਹਾਂ ਦੇ ਇੱਕ ਮਹਿਮਾਨ ਰਘਬੀਰ ਸਿੰਘ ਤੋਂ ਮੋਬਾਇਲ ਫ਼ੋਨ ਖੋਹ ਲਏ ਸਨ। ਰਘਬੀਰ ਸਿੰਘ ਉਨ੍ਹਾਂ ਨੂੰ ਮਿਲਣ ਲਈ ਜਨਵਰੀ ਮਹੀਨੇ ਦੌਰਾਨ ਰਾਵਲਪਿੰਡੀ ਤੋਂ ਆਏ ਸਨ। ਇਸ ਤੋਂ ਇਲਾਵਾ ਮੋਤੀ ਮੁਹੱਲੇ ਦੇ ਦੋ ਸਿੱਖ ਪਰਿਵਾਰਾਂ ਦੇ ਮੋਟਰਸਾਇਕਲ ਵੀ ਚੋਰੀ ਹੋ ਗਏ ਸਨ। ਪੁਲਿਸ ਉਨ੍ਹਾਂ ਮਾਮਲਿਆਂ ’ਚ ਹਾਲੇ ਤੱਕ ਚੋਰਾਂ ਨੂੰ ਨਹੀਂ ਲੱਭ ਸਕੀ।

 

ਸਿੱਖ ਬਜ਼ੁਰਗ ਨੇ ਅੱਗੇ ਕਿਹਾ ਕਿ ਹੁਣ ਸਿੱਖ ਪੁਲਿਸ ਕੋਲ ਮਦਦ ਲਈ ਜਾਣਾ ਹੀ ਨਹੀਂ ਚਾਹੁੰਦੇ ਕਿਉਂਕਿ ਅਧਿਕਾਰੀ ਐੰਫ਼ਆਈਆਰ ਵੀ ਦਰਜ ਕਰ ਲੈਂਦੇ ਹਨ ਪਰ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ। ਸਿੱਖ ਪਰਿਵਾਰਾਂ ਤੋਂ ਲੁੱਟੀ ਹੋਈ ਕੋਈ ਵੀ ਵਸਤੂ ਕਦੇ ਵਾਪਸ ਨਹੀਂ ਮਿਲੀ। ਛੇ ਕੁ ਮਹੀਨੇ ਪਹਿਲਾਂ ਹਸ਼ਤਨਗਰੀ ਦੇ ਚਾਚਾ ਯੂਨਸ ਪਾਰਕ ਨੇੜੇ ਇੱਕ ਕੋਲਡ ਸਟੋਰੇਜ ’ਚੋਂ ਇੱਕ ਸਿੱਖ ਵਿਅਕਤੀ ਕੋਲੋਂ ਮੋਬਾਈਲ ਫ਼ੋਨ ਜ਼ਬਰਦਸਤੀ ਖੋਹ ਲਿਆ ਗਿਆ ਸੀ।

 

ਸਥਾਨਕ ਸਿੱਖ ਕਾਰੋਬਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਕਾਰਣ ਉਨ੍ਹਾਂ ਦੇ ਕੰਮਕਾਜ ਕੋਈ ਬਹੁਤੇ ਨੀਂ ਚੱਲ ਰਹੇ। ਉੱਪਰੋਂ ਬੰਦੂਕ ਦੀ ਨੋਕ ’ਤੇ ਮੋਬਾਇਲ ਤੇ ਨਕਦੀ ਲੁੱਟਣ ਦੀਆਂ ਵਧਦੀਆਂ ਜਾ ਰਹੀਆਂ ਘਟਨਾਵਾਂ ਸਗੋਂ ਉਨ੍ਹਾਂ ਨੂੰ ਨਿੱਤ ਅਪਮਾਨਿਤ ਤੇ ਦੁਖੀ ਕਰ ਰਹੀਆਂ ਹਨ।