ਪੜਚੋਲ ਕਰੋ
ਤਾਲਿਬਾਨ ਤੇ ਇਸਲਾਮਿਕ ਸਟੇਟ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ

ਚੰਡੀਗੜ੍ਹ: ਕੱਟੜਵਾਦੀ ਇਸਲਾਮਿਕ ਗਰੁੱਪਾਂ ਤਾਲਿਬਾਨ ਤੇ ਇਸਲਾਮਿਕ ਸਟੇਟ ਨੇ ਅਫ਼ਗਾਨਿਸਤਾਨ ਵਿੱਚ ਸਿੱਖ ਤੇ ਹਿੰਦੂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ਨੂੰ ਖਾਰਜ਼ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 1 ਜੁਲਾਈ ਨੂੰ ਹਮਲੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮਗਰੋਂ ਇਹ ਗੱਲ ਉੱਭਰ ਕੇ ਆਈ ਹੈ ਕਿ 1 ਜੁਲਾਈ ਨੂੰ ਕੀਤੇ ਗਏ ਹਮਲੇ ਪਿੱਛੇ ਮੁਲਕ ਦੇ ਭੂ-ਮਾਫ਼ੀਆ ਦਾ ਹੱਥ ਹੋਣ ਹੈ। ਦਰਅਸਲ ਅਫ਼ਗਾਨਿਸਤਾਨ ਦੇ ਗੁਰਦੁਆਰਿਆਂ ਅਧੀਨ ਸੈਂਕੜੇ ਏਕੜ ਜ਼ਮੀਨ ਆਉਂਦੀ ਹੈ। ਅਫ਼ਗਾਨੀ ਸਿੱਖਾਂ ਦਾ ਕਹਿਣਾ ਹੈ ਕਿ ਮਾਫ਼ੀਆ ਇਸ ਜ਼ਮੀਨ ਉੱਤੇ ਕਬਜ਼ਾ ਜਮਾਉਣ ਦੇ ਰੌਂਅ ਵਿੱਚ ਹੈ। ਇਸ ਤੋਂ ਪਹਿਲਾਂ ਵੀ ਅਫ਼ਗਾਨ ਭੂ-ਮਾਫ਼ੀਆ ਕਾਬੁਲ, ਜਲਾਲਾਬਾਦ, ਗਜ਼ਨੀ, ਹੇਰਾਤ ਤੇ ਕੰਧਾਰ ਲਾਗਲੇ ਪੇਂਡੂ ਇਲਾਕੇ ਦੇ ਗੁਰਦੁਆਰਿਆਂ ਤੇ ਉਨ੍ਹਾਂ ਨਾਲ ਸਬੰਧਤ ਸੰਪਤੀ ਉੱਤੇ ਕਬਜ਼ਾ ਕਰ ਚੁੱਕਾ ਹੈ। ਹਾਲ ਹੀ ਵਿੱਚ ਅਫ਼ਗਾਨ ਪ੍ਰਧਾਨ ਮੰਤਰੀ ਅਸ਼ਰਫ਼ ਗ਼ਨੀ ਵੱਲੋਂ ਸਿੱਖ ਭਾਈਚਾਰੇ ਨੂੰ ਜਲਾਲਾਬਾਦ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਨਾਂ ਲਗਪਗ 500 ਮੁਰੱਬਾ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਗਈ ਹੈ। ਇਸ ਜ਼ਮੀਨ ਦੀ ਕੀਮਤ ਕਰੀਬ 7 ਲੱਖ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਸ ਗੁਰਦੁਆਰੇ ਦਾ ਪ੍ਰਬੰਧਨ ਹਮਲੇ ’ਚ ਹਲਾਕ ਹੋਏ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਤੇ ਹੋਰ ਸਿੱਖ ਆਗੂ ਦੇਖ ਰਹੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਜਨਾ ਇੱਥੇ ਸਿੱਖ ਬੱਚਿਆਂ ਲਈ ਸਕੂਲ ਸਥਾਪਤ ਕਰਨ ਦੀ ਸੀ। ਸਿੱਖ ਆਗੂ ਦੇ ਪੁੱਤਰ ਨਰਿੰਦਰ ਸਿੰਘ ਖ਼ਾਲਸਾ ਮੁਤਾਬਕ ਭੂ-ਮਾਫ਼ੀਆ ਨੇ ਵੀ ਇਸੇ ਜ਼ਮੀਨ ਦਾ ਕਬਜ਼ਾ ਲੈਣ ਲਈ ਅਧਿਕਾਰੀਆਂ ਨੂੰ 4 ਤੋਂ 5 ਲੱਖ ਡਾਲਰ ਤੱਕ ਦੀ ਰਿਸ਼ਵਤ ਦਿੱਤੀ ਸੀ ਪਰ ਜਦੋਂ ਕਬਜ਼ਾ ਨਹੀਂ ਮਿਲਿਆ ਤਾਂ ਉਨ੍ਹਾਂ ਇਸ ਹਮਲੇ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਤਾਲਿਬਾਨ ਤੇ ਦਾਇਸ਼ ਨੇ ਆਪਣੇ ਸੰਪਰਕਾਂ ਰਾਹੀਂ ਉਨ੍ਹਾਂ ਤੱਕ ਇਹ ਗੱਲ ਪੁੱਜਦੀ ਕੀਤੀ ਹੈ ਕਿ ਇਸ ਹਮਲੇ ਪਿੱਛੇ ਉਨ੍ਹਾਂ ਦਾ ਹੱਥ ਨਹੀਂ ਸੀ।
ਹੋਰ ਪੜ੍ਹੋ























