ਸਿਓਲ  :ਉੱਤਰੀ ਕੋਰੀਆ ਤੋਂ ਵੱਧਦੇ ਪਰਮਾਣੂ ਹਮਲੇ ਦੇ ਖ਼ਤਰੇ ਦਰਮਿਆਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਮਾਣੂ ਸੰਪੰਨ ਉੱਤਰੀ ਕੋਰੀਆ ਦੀਆਂ ਧਮਕੀਆਂ ਦੇ ਬਾਵਜੂਦ ਉਨ੍ਹਾਂ ਦਾ ਦੇਸ਼ ਪਰਮਾਣੂ ਹਥਿਆਰ ਨਹੀਂ ਬਣਾਏਗਾ।


ਗੁਆਂਢੀ ਉੱਤਰੀ ਕੋਰੀਆ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਪਰਮਾਣੂ ਹਥਿਆਰਾਂ ਦਾ ਲਗਾਤਾਰ ਪ੍ਰੀਖਣ ਕਰ ਰਿਹਾ ਹੈ। ਉਸ ਨੇ ਸਤੰਬਰ 'ਚ ਛੇਵੀਂ ਵਾਰੀ ਪਰਮਾਣੂ ਪ੍ਰੀਖਣ ਕੀਤਾ ਸੀ। ਮਾਹਿਰਾਂ ਦਾ ਅਨੁਮਾਨ ਹੈ ਕਿ ਉਸ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਮਰੀਕਾ ਤਕ ਮਾਰ ਕਰਨ 'ਚ ਸਮਰੱਥ ਹੋ ਸਕਦੀਆਂ ਹਨ। ਇਸ ਨਾਲ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੱਖਣੀ ਕੋਰੀਆ ਦੀਆਂ ਸੁਰੱਖਿਆ ਚਿੰਤਾਵਾਂ ਵੱਧ ਗਈਆਂ ਹਨ।

ਰਾਸ਼ਟਰਪਤੀ ਮੂਨ ਨੇ ਸੰਸਦ 'ਚ ਕਿਹਾ ਕਿ ਉੱਤਰੀ ਕੋਰੀਆ ਦਾ ਪਰਮਾਣੂ ਸੰਪੰਨ ਦੇਸ਼ ਬਣਨ ਵੱਲ ਵਧਣਾ ਸਵੀਕਾਰ ਅਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਕੋਈ ਪਰਮਾਣੂ ਹਥਿਆਰ ਵਿਕਸਤ ਨਹੀਂ ਕਰਾਂਗੇ। ਉੱਤਰੀ ਕੋਰੀਆ ਦੇ ਛੇਵੇਂ ਪਰਮਾਣੂ ਪ੍ਰੀਖਣ ਦੇ ਬਾਅਦ ਦੱਖਣੀ ਕੋਰੀਆਈ ਮੀਡੀਆ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਅਮਰੀਕੀ ਪਰਮਾਣੂ ਹਥਿਆਰਾਂ ਦੀ ਮੰਗ ਕੀਤੀ ਹੈ।

ਇਨ੍ਹਾਂ ਹਥਿਆਰਾਂ ਨੂੰ ਪਿਛਲੇ ਸਦੀ ਦੇ ਆਖਰੀ ਦਹਾਕੇ 'ਚ ਕੋਰੀਆਈ ਪ੍ਰਾਇਦੀਪ ਤੋਂ ਹਟਾ ਲਿਆ ਗਿਆ ਸੀ। ਕੁਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਇਸ ਦੇ ਲਈ ਜੇਕਰ ਅਮਰੀਕਾ ਰਾਜ਼ੀ ਨਹੀਂ ਹੁੰਦਾ ਤਾਂ ਦੱਖਣੀ ਕੋਰੀਆ ਨੂੰ ਖ਼ੁਦ ਪਰਮਾਣੂੁ ਸਮਰੱਥਾ ਦਾ ਵਿਕਾਸ ਕਰਨਾ ਚਾਹੀਦਾ ਹੈ। ਇਸ 'ਤੇ ਰਾਸ਼ਟਰਪਤੀ ਮੂਨ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਕੋਸ਼ਿਸ਼ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਲਈ ਹੋਏ ਸਾਂਝੇ ਐਲਾਨ 'ਤੇ ਆਧਾਰਤ ਹੋਵੇਗਾ। ਇਹ ਐਲਾਨ 1992 'ਚ ਦੋਨੋਂ ਕੋਰੀਆਈ ਦੇਸ਼ਾਂ ਵੱਲੋਂ ਕੀਤੀ ਗਈ ਸੀ।