ਦਿੱਲੀ: ਸਪੇਨ ਨੇ ਕੈਟਲੋਨੀਆ ਦੀ ਖ਼ੁਦਮੁਖ਼ਤਿਆਰੀ ਦਾ ਦਰਜਾ ਖ਼ਤਮ ਕਰਦਿਆਂ ਉੱਥੋਂ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਹੈ। ਨਾਲ ਹੀ ਕੈਟਲੋਨੀਆ ਦੇ ਪੁਲਿਸ ਮੁਖੀ ਨੂੰ ਬਰਖਾਸਤ ਕਰਕੇ ਇਲਾਕੇ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਵੀ ਸੰਭਾਲ ਲਈ ਹੈ। ਕੈਟਲੋਨੀਆ ਖੇਤਰ 'ਚ 21 ਦਸੰਬਰ ਨੂੰ ਚੋਣ ਹੋਵੇਗੀ, ਜੋ ਇਸ ਘਟਨਾਚੱਕਰ ਦੌਰਾਨ ਬਹੁਤ ਅਹਿਮ ਹੋਵੇਗਾ। ਸਪੇਨ ਸਰਕਾਰ ਨੇ ਇਹ ਕਦਮ ਕੈਟਲੋਨੀਆ ਦੀ ਆਜ਼ਾਦੀ ਦੇ ਐਲਾਨ ਮਗਰੋਂ ਚੁੱਕਿਆ ਹੈ।
ਪ੍ਰਧਾਨ ਮੰਤਰੀ ਮਾਰੀਆਨੋ ਰਾਜੋਯ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਵਿਸ਼ੇਸ਼ ਬੈਠਕ 'ਚ ਸਾਰੇ ਅਹਿਮ ਫ਼ੈਸਲੇ ਲਏ ਗਏ। ਕੈਟਲੋਨੀਆ ਦੀ ਖੇਤਰੀ ਪੁਲਿਸ ਦੇ ਮੁਖੀ ਜੋਸੇਪ ਲੁਈਸ ਟ੍ਰੇਪੇਰੋ ਨੂੰ ਬਰਖਾਸਤ ਕਰਨ ਤੋਂ ਬਾਅਦ ਜਾਰੀ ਸੰਦੇਸ਼ 'ਚ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਕਾਨੂੰਨ ਮੁਤਾਬਿਕ ਆਪਣੇ ਫ਼ਰਜ਼ਾਂ ਦਾ ਪਾਲਣ ਕਰਦੇ ਰਹਿਣ। ਉਹ ਦੋਵਾਂ ਧਿਰਾਂ ਤੋਂ ਬਰਾਬਰ ਦੂਰੀ ਬਣਾਈ ਰੱਖਦਿਆਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ 'ਚ ਸਹਿਯੋਗ ਦੇਣ।
ਟ੍ਰਪੇਰੋ ਨੂੰ ਵੱਖਵਾਦੀਆਂ ਪ੍ਰਤੀ ਨਰਮ ਰਵੱਈਆ ਰੱਖਣ ਲਈ ਜਾਣਿਆ ਜਾਂਦਾ ਹੈ। ਇਕ ਅਕਤੂਬਰ ਨੂੰ ਹੋਈ ਰਾਇਸ਼ੁਮਾਰੀ ਨੂੰ ਰੋਕਣ ਦੇ ਮੈਡ੍ਰਿਡ ਦੇ ਆਦੇਸ਼ ਦਾ ਉਨ੍ਹਾਂ ਪੂਰੀ ਤਰ੍ਹਾਂ ਨਾਲ ਪਾਲਣ ਨਹੀਂ ਕੀਤਾ ਸੀ। ਇਸੇ ਰਾਇਸ਼ੁਮਾਰੀ 'ਚ ਹਿੰਸਾ ਦੇ ਬਾਵਜੂਦ ਮਤਦਾਨ ਕਰਨ ਵਾਲੇ 90 ਫ਼ੀਸਦੀ ਲੋਕਾਂ ਨੇ ਆਜ਼ਾਦੀ ਦੇ ਹੱਕ 'ਚ ਮਤਦਾਨ ਕੀਤਾ ਸੀ। ਪਰ ਬਾਅਦ 'ਚ ਵੱਖਵਾਦੀ ਸੰਘੀ ਸਰਕਾਰ ਨਾਲ ਆਪਣੇ ਤਣਾਅ ਵਿਚਕਾਰ ਇਹ ਨਹੀਂ ਦੱਸ ਸਕੇ ਕਿ ਵੱਖਰੇ ਦੇਸ਼ ਦੀ ਸਥਾਪਨਾ ਦੀ ਲੋੜ ਉਨ੍ਹਾਂ ਨੂੰ ਕਿਉਂ ਮਹਿਸੂਸ ਹੋਈ। ਕੈਟਲੋਨੀਆ ਸਪੇਨ ਦਾ ਸਭ ਤੋਂ ਖੁਸ਼ਹਾਲ ਇਲਾਕਾ ਹੈ। ਇਸ ਦੀ ਰਾਜਧਾਨੀ ਬਾਰਸੀਲੋਨਾ 'ਚ ਓਲੰਪਿਕ ਖੇਡਾਂ ਵੀ ਹੋ ਚੁੱਕੀਆਂ ਹਨ। ਆਜ਼ਾਦ ਕੈਟਲੋਨੀਆ ਨੂੰ ਹਾਲੇ ਕਿਸੇ ਦੇਸ਼ ਨੇ ਮਾਨਤਾ ਨਹੀਂ ਦਿੱਤੀ ਹੈ।