Sudan crisis : ਸੂਡਾਨ ਪਿਛਲੇ ਇੱਕ ਹਫ਼ਤੇ ਤੋਂ ਸੜ ਰਿਹਾ ਹੈ। ਸੂਡਾਨ 'ਚ 15 ਅਪ੍ਰੈਲ ਤੋਂ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਚੱਲ ਰਹੀ ਜੰਗ 'ਚ ਹੁਣ ਤੱਕ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਖਾਰਤੂਮ ਸਮੇਤ ਸੂਡਾਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਸੂਡਾਨ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਜੰਗ ਜਾਰੀ ਹੈ।
ਸੂਡਾਨ ਵਿੱਚ ਫੌਜ ਮੁਖੀ ਜਨਰਲ ਅਬਦੇਲ ਫਤਾਹ ਅਲ ਬੁਰਹਾਨ ਅਤੇ ਆਰਐਸਐਫ ਦੇ ਮੁਖੀ ਜਨਰਲ ਮੁਹੰਮਦ ਹਮਦਾਨ ਦਗਾਲੋ ਵਿਚਕਾਰ ਸਰਵਉੱਚਤਾ ਦੀ ਜੰਗ ਜਾਰੀ ਹੈ। ਸੂਡਾਨ 'ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਹੋਣ ਵਾਲੀ ਜੰਗ 'ਚ ਕੌਣ ਜਿੱਤੇਗਾ ਇਸ ਨੂੰ ਲੈ ਕੇ ਵੀ ਚਰਚਾ ਛਿੜ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਲ-ਬੁਰਹਾਨ ਦੀਆਂ ਫ਼ੌਜਾਂ ਆਰਐੱਸਐੱਫ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹਨ। ਅਜਿਹੀ ਸਥਿਤੀ ਵਿੱਚ ਅਰਧ ਸੈਨਿਕ ਬਲਾਂ ਦੀ ਜਿੱਤ ਦੀ ਸੰਭਾਵਨਾ ਘੱਟ ਜਾਪਦੀ ਹੈ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਅਰਧ ਸੈਨਿਕ ਬਲ ਦੇ ਜਵਾਨ ਫੌਜ ਉੱਤੇ ਹਾਵੀ ਰਹਿਣਗੇ।
ਗੁਆਂਢੀ ਦੇਸ਼ਾਂ ਲਈ ਵੀ ਖਤਰਾ ਅਲਜਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਜਲਦ ਹੀ ਕਈ ਹੋਰ ਵੱਡੇ ਸ਼ਹਿਰ ਜਾਰੀ ਹਿੰਸਾ ਦੀ ਲਪੇਟ 'ਚ ਆ ਸਕਦੇ ਹਨ। ਪਤਾ ਲੱਗਾ ਹੈ ਕਿ ਇਹ ਹਿੰਸਕ ਝੜਪ ਸੂਡਾਨ ਦੀ ਰਾਜਧਾਨੀ ਖਾਰਤੂਮ ਤੋਂ ਸ਼ੁਰੂ ਹੋਈ ਸੀ ਪਰ ਹੁਣ ਇਸ ਜੰਗ ਨੇ ਓਮਦੁਰਮਨ ਅਤੇ ਦਾਰਫੂਰ ਸਮੇਤ ਕਈ ਸ਼ਹਿਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇੰਟਰਨੈਸ਼ਨਲ ਕਰਾਈਸਿਸ ਗਰੁੱਪ ਦਾ ਕਹਿਣਾ ਹੈ ਕਿ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਚੱਲ ਰਹੀ ਇਹ ਹਿੰਸਾ ਜੰਗ ਦਾ ਰੂਪ ਲੈ ਰਹੀ ਹੈ। ਭਵਿੱਖ ਵਿੱਚ ਇਹ ਜੰਗ ਗੁਆਂਢੀ ਮੁਲਕਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਅਜਿਹੇ ਵਿੱਚ ਖ਼ਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ।